ਐੱਨ. ਆਰ. ਆਈ. ਭਰਾਵਾਂ ਨੇ ਇਆਲੀ ਕਲਾਂ ਸਕੂਲ ''ਚ ਕਮਰੇ ਦੇ ਨਿਰਮਾਣ ਲਈ ਦਿੱਤੇ 1.5 ਲੱਖ
Monday, Mar 12, 2018 - 04:39 PM (IST)

ਲੁਧਿਆਣਾ (ਵਿੱਕੀ)-ਮਹਾਨਗਰ 'ਚ ਲੜਕੀਆਂ ਦੇ ਸਰਕਾਰੀ ਸਕੂਲਾਂ 'ਚ ਮਿਲਣ ਵਾਲੀਆਂ ਸੁਵਿਧਾਵਾਂ ਵੱਲ ਸੂਬਾ ਸਰਕਾਰ ਦੀ ਬੇਰੁਖੀ ਦੇਸ਼ ਭਰ 'ਚ ਚੱਲ ਰਹੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਫਿੱਕਾ ਸਾਬਤ ਕਰ ਦਿੱਤਾ ਹੈ। ਪੰਜਾਬ ਸਰਕਾਰ ਇਸ ਬੇਰੁਖੀ ਨੂੰ ਦੇਖ ਕੇ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਨੇ ਕਦਮ ਅੱਗੇ ਵਧਾਉਣੇ ਸ਼ੁਰੂ ਕਰ ਦਿੱਤੇ ਹਨ।
ਐੱਨ. ਆਰ. ਆਈ. ਸਰਕਾਰ ਤੋਂ ਬਿਨਾਂ ਕਿਸੇ ਉਮੀਦ ਆਪਣੇ ਪਿੰਡਾਂ ਦੇ ਸਕੂਲਾਂ ਦੀ ਤਰੱਕੀ ਲਈ ਪੈਸਾ ਖਰਚ ਕਰ ਰਹੇ ਹਨ। ਇਆਲੀ ਕਲਾਂ ਪਿੰਡ ਦੇ ਦੋ ਐੱਨ. ਆਰ. ਆਈ. ਭਰਾ ਅਮਰਜੀਤ ਸਿੰਘ ਤੇ ਦਲਜੀਤ ਸਿੰਘ ਇਸ ਦਾ ਸਪੱਸ਼ਟ ਸਬੂਤ ਹੈ। ਅਮਰੀਕਾ ਦੇ ਕੈਲੇਫੋਰਨੀਆ ਵਿਚ ਰਹਿ ਰਹੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਜਦੋਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਇਆਲੀ ਕਲਾਂ 'ਚ ਬੱਚਿਆਂ ਦੇ ਜ਼ਮੀਨ 'ਤੇ ਬੈਠ ਕੇ ਪੜ੍ਹਾਈ ਕਰਨ ਦੀ ਜਾਣਕਾਰੀ ਮਿਲੀ ਤਾਂ ਇਨ੍ਹਾਂ ਨੇ ਆਪਣੀ ਜੇਬ 'ਚੋਂ ਸਕੂਲ 'ਚ ਕਮਰੇ ਦੇ ਨਿਰਮਾਣ ਲਈ 1.5 ਲੱਖ ਰੁਪਏ ਦੀ ਰਾਸ਼ੀ ਦੇ ਕੇ ਆਧੁਨਿਕ ਕਮਰਾ ਬਣਾਉਣ ਦਾ ਕਾਰਜ ਸ਼ੁਰੂ ਕਰਵਾਇਆ।
'ਜਗ ਬਾਣੀ' ਨੇ ਪ੍ਰਕਾਸ਼ਿਤ ਕੀਤੀ ਸੀ ਖ਼ਬਰ
'ਜਗ ਬਾਣੀ' ਨੇ ਉਕਤ ਸਕੂਲ ਦੀ ਹਾਲਤ ਸਬੰਧੀ ਸ਼ਨੀਵਾਰ ਨੂੰ ਪ੍ਰਮੁੱਖਤਾ ਨਾਲ ਖ਼ਬਰ ਵੀ ਪ੍ਰਕਾਸ਼ਿਤ ਕਰਦਿਆਂ ਦੱਸਿਆ ਸੀ ਕਿ ਲੁਧਿਆਣਾ ਨੂੰ ਟੇਲੈਂਟ ਦੇਣ ਵਾਲਾ ਉਕਤ ਸਕੂਲ ਸਰਕਾਰ ਦੀ ਨਜ਼ਰ ਤੋਂ ਦੂਰ ਹੈ। ਸਕੂਲ 'ਚ ਕਮਰਿਆਂ ਦੀ ਕਮੀ ਕਾਰਨ ਜਿੱਥੇ ਇਕ ਕਲਾਸ ਉਧਾਰੀ ਦੇ ਕਮਰੇ 'ਚ ਮਿਡਲ ਸਕੂਲ ਵਿਚ ਚੱਲ ਰਹੀ ਹੈ, ਉਥੇ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚੇ ਜ਼ਮੀਨ 'ਤੇ ਬੈਠ ਕੇ ਪੜ੍ਹਾਈ ਕਰਦੇ ਹਨ।
ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ ਕਲਾਸ ਰੂਮ
ਪਿਛਲੇ ਕੁਝ ਦਿਨਾਂ ਤੋਂ ਕੈਲੇਫੋਰਨੀਆ ਤੋਂ ਆਪਣੇ ਪਿੰਡ ਆਏ ਐੱਨ. ਆਰ. ਆਈ. ਭਰਾਵਾਂ 62 ਸਾਲਾ ਅਮਰਜੀਤ ਸਿੰਘ ਤੇ 60 ਸਾਲਾ ਦਲਜੀਤ ਸਿੰਘ ਨੇ ਸਕੂਲ 'ਚ ਕਮਰੇ ਦੇ ਨਿਰਮਾਣ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ। ਇਹੀ ਨਹੀਂ ਇਨ੍ਹਾਂ ਨੇ ਸਕੂਲ ਇੰਚਾਰਜ ਨੂੰ ਕਿਹਾ ਕਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਇਸ ਕਮਰੇ ਦੇ ਨਿਰਮਾਣ 'ਤੇ ਜਿੰਨੀ ਵੀ ਲਾਗਤ ਆਵੇਗੀ, ਉਹ ਆਪਣੀ ਜੇਬ 'ਚੋਂ ਖਰਚ ਕਰਨਗੇ।
ਦਲਜੀਤ ਸਿੰਘ ਦੇ 29 ਸਾਲਾ ਬੇਟੇ ਮਨਪ੍ਰੀਤ ਦੇ ਪਿਛਲੇ ਦਿਨੀਂ ਅਮਰੀਕਾ ਵਿਚ ਹੋਏ ਦਿਹਾਂਤ ਤੋਂ ਬਾਅਦ ਇਆਲੀ ਕਲਾਂ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਲਈ ਪਿੰਡ ਆਏ ਦੋਵਾਂ ਭਰਾਵਾਂ ਨੇ ਕਿਹਾ ਕਿ ਸਵ. ਮਨਪ੍ਰੀਤ ਦੀ ਯਾਦ ਵਿਚ ਉਕਤ ਕਮਰੇ ਦਾ ਨਿਰਮਾਣ ਕਰਵਾਉਣ ਲਈ ਇਹ ਰਾਸ਼ੀ ਸੌਂਪੀ ਗਈ ਹੈ।
ਕੁੱਝ ਹੱਦ ਤੱਕ ਕਮੀ ਹੋਵੇਗੀ ਦੂਰ : ਹੈੱਡ ਟੀਚਰ
ਸਕੂਲ ਦੀ ਹੈੱਡ ਟੀਚਰ ਇੰਦਰਜੀਤ ਕੌਰ ਨੇ ਕਿਹਾ ਕਿ ਕਮਰਿਆਂ ਦੀ ਘਾਟ 'ਚ ਬੱਚਿਆਂ ਨੂੰ ਅਡਜਸਟ ਕਰਨਾ ਕਾਫੀ ਮੁਸ਼ਕਿਲ ਕੰਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਸਕੂਲ ਦੇ ਅਧਿਆਪਕਾਂ ਨੇ ਆਪਣੀ ਜੇਬ 'ਚੋਂ ਖਰਚ ਕਰ ਕੇ ਇਕ ਕਮਰੇ ਨੂੰ ਦੋ ਹਿੱਸਿਆਂ 'ਚ ਵੰਡ ਕੇ ਇਕ ਕਲਾਸ ਨੂੰ ਅਡਜਸਟ ਕੀਤਾ ਸੀ। ਹੁਣ ਸਕੂਲ 'ਚ ਇਕ ਹੋਰ ਕਮਰੇ ਦੇ ਨਿਰਮਾਣ ਨਾਲ ਕਮਰਿਆਂ ਦੀ ਕਮੀ ਕੁੱਝ ਹੱਦ ਤੱਕ ਖਤਮ ਹੋ ਜਾਵੇਗੀ।