ਪੈਨਸ਼ਨਰਾਂ ਨੇ ਕੀਤਾ ਰੋਸ ਪ੍ਰਦਰਸ਼ਨ
Wednesday, Mar 21, 2018 - 07:50 AM (IST)

ਨੌਸ਼ਹਿਰਾ ਪੰਨੂੰਆਂ, (ਬਲਦੇਵ ਪੰਨੂੰ)- ਪਿੰਡ ਢੋਟੀਆਂ ਵਿਖੇ 875 ਦੇ ਕਰੀਬ ਲਾਭਪਾਤਰੀਆਂ ਦੀਆਂ ਪੈਨਸ਼ਨਾਂ ਐੱਸ. ਡੀ. ਐੱਮ. ਪੱਟੀ ਵੱਲੋਂ ਜੁਲਾਈ 2017 'ਚ ਮ੍ਰਿਤਕ ਐਲਾਨ ਕੇ ਕੱਟ ਦਿੱਤੀਆਂ ਗਈਆਂ ਹਨ। ਇਨ੍ਹਾਂ ਸਾਰੇ ਲਾਭਪਾਤਰੀਆਂ ਨੇ ਹਰਦੇਵ ਸਿੰਘ ਜਨਰਲ ਸਕੱਤਰ ਕਾਂਗਰਸ ਪਾਰਟੀ ਦੀ ਯੋਗ ਅਗਵਾਈ ਵਿਚ ਸਬੰਧਤ ਮਹਿਕਮੇ ਸਬੰਧੀ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਹਲਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸਦੀ ਨਿਰਪੱਖ ਜਾਂਚ ਕਰ ਕੇ ਸਬੰਧਤ ਅਧਿਕਾਰੀ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਹਰਦੇਵ ਸਿੰਘ ਜਨਰਲ ਸਕੱਤਰ ਕਾਂਗਰਸ ਪਾਰਟੀ ਨੇ ਕਿਹਾ ਕਿ ਇਹ ਪੈਨਸ਼ਨਾਂ ਇਕ ਸਾਜ਼ਿਸ਼ ਤਹਿਤ ਕੱਟੀਆਂ ਗਈਆਂ ਹਨ ਤਾਂ ਕਿ ਆਉਣ ਵਾਲੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕੇ। ਇਸ ਮੌਕੇ ਪਵਨ ਕੁੰਦਰਾ, ਜਸਦੀਪ ਸਿੰਘ ਸੋਨੂੰ, ਅੰਗਰੇਜ ਸਿੰਘ ਮੈਂਬਰ, ਬਲਜਿੰਦਰ ਸਿੰਘ, ਚਮਕੌਰ ਸਿੰਘ, ਪਰਮਜੀਤ ਰੋਮੀ, ਕਾਬਲ ਸਿੰਘ, ਸਰਦੂਲ ਸਿੰਘ ਠੇਕੇਦਾਰ, ਮੇਜਰ ਸਿੰਘ ਰਾਜਾ ਰਾਮ ਮਾਰਬਲ ਵਾਲੇ, ਅਜਮੇਰ ਸਿੰਘ (ਫੋਰਮੈਨ), ਸੁਖਵਿੰਦਰ ਸਿੰਘ ਆਦਿ ਸ਼ਾਮਲ ਸਨ। ਇਸ ਸਬੰਧੀ ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ।