ਸ਼ੈੱਡ ਨਾ ਬਣਾਏ ਜਾਣ ਤੋਂ ਭਡ਼ਕੇ ਮਜ਼ਦੂਰਾਂ ਨੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ
Saturday, Jul 21, 2018 - 03:11 AM (IST)

ਬਠਿੰਡਾ,(ਜ. ਬ.)- ਅਮਰੀਕ ਸਿੰਘ ਰੋਡ ’ਤੇ ਅਗਰਸੈਨ ਪਾਰਕ ਦੇ ਨੇਡ਼ੇ ਮਜ਼ਦੂਰਾਂ ਲਈ ਪ੍ਰਸਤਾਵਿਤ ਸ਼ੈੱਡ ਅਜੇ ਤੱਕ ਨਾ ਬਣਾਏ ਜਾਣ ਤੋਂ ਭਡ਼ਕੇ ਮਜ਼ਦੂਰਾਂ ਨੇ ਭਾਰਤੀ ਮਜ਼ਦੂਰ ਸੰਘ ਬਠਿੰਡਾ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਮਜ਼ਦੂਰਾਂ ਨੇ ਸ਼ਹਿਰ ’ਚ ਇਕ ਰੋਸ ਮਾਰਚ ਵੀ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ-ਪੱਤਰ ਸੌਂਪਿਆ। ਇਸ ਮੌਕੇ ਜਥੇਬੰਦੀ ਮੰਤਰੀ ਰਾਜਮਣੀ ਯਾਦਵ ਨੇ ਕਿਹਾ ਕਿ 2013 ਦੇ ਦੌਰਾਨ ਪੰਜਾਬ ਬਿਲਡਿੰਗ ਕੰਸਟਰੱਕਸ਼ਨ ਐਂਡ ਅਦਰਜ਼ ਵਰਕਰਜ਼ ਬੋਰਡ ਵੱਲੋਂ ਅਮਰੀਕ ਸਿੰਘ ਰੋਡ ’ਤੇ ਅਗਰਸੈਨ ਪਾਰਕ ਨੇਡ਼ੇ ਦਿਹਾਡ਼ੀਦਾਰ ਮਜ਼ਦੂਰਾਂ ਦੇ ਬੈਠਣ ਲਈ ਇਕ ਸ਼ੈੱਡ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦੇ ਤਹਿਤ ਸਰਕਾਰ ਨੇ 20 ਲੱਖ ਰੁਪਏ ਦੀ ਗ੍ਰਾਂਟ ਵੀ ਨਗਰ ਨਿਗਮ ਨੂੰ ਜਾਰੀ ਕਰ ਦਿੱਤੀ ਸੀ। ਇਸ ਤੋਂ ਬਾਅਦ ਉੁਕਤ ਸ਼ੈੱਡ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਪਰ ਨਿਰਮਾਣ ਅਜੇ ਤੱਕ ਨਹੀਂ ਹੋ ਸਕਿਆ। ਉਨ੍ਹਾਂ ਮੰਗ ਕੀਤੀ ਕਿ ਉਕਤ ਸ਼ੈੱਡ ਦਾ ਨਿਰਮਾਣ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਕਿ ਇਥੇ ਖਡ਼੍ਹੇ ਹੋਣ ਵਾਲੇ ਲੋਕ ਧੁੱਪ ਤੇ ਮੀਂਹ ਦੌਰਾਨ ਇਸ ਸ਼ੈੱਡ ਦੇ ਹੇਠਾਂ ਬੈਠ ਸਕਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਆਂਗਣਵਾਡ਼ੀ, ਮਿਡ-ਡੇ-ਮੀਲ ਅਤੇ ਆਸ਼ਾ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਜ਼ਿਲਾ ਪ੍ਰਧਾਨ ਹਰਦੇਵ ਸਿੰਘ, ਜਿਲਾ ਸਕੱਤਰ ਸੀਤਾ ਰਾਮ, ਖਜ਼ਾਨਚੀ ਰਾਮ ਕਿਸ਼ਨ, ਭਵਨ ਨਿਰਮਾਣ ਯੂਨੀਅਨ ਦੇ ਪ੍ਰਧਾਨ ਈਸ਼ਵਰ ਚੌਹਾਨ, ਅੰਬੂਜਾ ਸੀਮੈਂਟ ਕਰਮਚਾਰੀ ਸੰਘ ਦੇ ਸਕੱਤਰ ਯਾਦਵਿੰਦਰ ਸਿੰਘ, ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਨੇਮਚੰਦ ਤੇ ਭਰਤ ਰਾਮ ਆਦਿ ਹਾਜ਼ਰ ਸਨ।