ਬੱਸ ਕੰਪਨੀ ਦੇ ਮਾਲਕ ਖਿਲਾਫ ਰੋਸ ਪ੍ਰਦਰਸ਼ਨ

Saturday, Jan 20, 2018 - 07:35 AM (IST)

ਬੱਸ ਕੰਪਨੀ ਦੇ ਮਾਲਕ ਖਿਲਾਫ ਰੋਸ ਪ੍ਰਦਰਸ਼ਨ

ਅੰਮ੍ਰਿਤਸਰ,(ਛੀਨਾ)- ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਵੱਲੋਂ ਅੱਜ ਨਿਸ਼ਾਂਤ ਬੱਸ ਸਰਵਿਸ (ਰਜਿ.) ਦੇ ਮਾਲਕ ਖਿਲਾਫ ਸਥਾਨਕ ਬੱਸ ਸਟੈਂਡ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਨਰਲ ਸਕੱਤਰ ਬਲਦੇਵ ਸਿੰਘ ਬੱਬੂ ਤੇ ਪ੍ਰਧਾਨ ਦਿਲਬਾਗ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਨਿਸ਼ਾਂਤ ਬੱਸ ਸਰਵਿਸ ਦੇ ਮਾਲਕ ਜਤਿੰਦਰਪਾਲ ਸਿੰਘ ਗਰੋਵਰ ਨੇ ਡਰਾਈਵਰ ਵਰਿੰਦਰ ਕੁਮਾਰ ਨੂੰ ਤਨਖਾਹ ਮੰਗਣ 'ਤੇ ਬਿਨਾਂ ਵਜ੍ਹਾ ਹੀ ਗਾਲੀ-ਗਲੋਚ ਕਰ ਕੇ ਜ਼ਲੀਲ ਕੀਤਾ, ਜਿਸ ਦੇ ਰੋਸ ਵਜੋਂ ਅੱਜ ਨਿਸ਼ਾਂਤ ਬੱਸ ਸਰਵਿਸ ਦੀਆਂ ਸਾਰੀਆਂ ਬੱਸਾਂ ਦਾ ਚੱਕਾ ਜਾਮ ਕਰ ਕੇ ਕੰਪਨੀ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਕਿਸੇ ਵੀ ਵਰਕਰ ਨਾਲ ਬੇਇਨਸਾਫੀ ਨਹੀਂ ਹੋਣ ਦੇਵੇਗੀ।
ਸ. ਬੱਬੂ ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ-ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ ਦੀ ਦਖਲਅੰਦਾਜ਼ੀ ਕਾਰਨ ਯੂਨੀਅਨ ਤੇ ਨਿਸ਼ਾਂਤ ਬੱਸ ਕੰਪਨੀ ਦੇ ਮਾਲਕ ਦਰਮਿਆਨ ਹੋਣ ਵਾਲਾ ਟਕਰਾਅ ਟਲ ਗਿਆ ਹੈ ਕਿਉਂਕਿ ਬੱਸ ਕੰਪਨੀ ਦੇ ਮਾਲਕ ਨੇ ਭਵਿੱਖ 'ਚ ਕਦੇ ਵੀ ਕਿਸੇ ਵਰਕਰ ਨਾਲ ਬਦਸਲੂਕੀ ਨਾ ਕਰਨ ਦਾ ਸਭ ਦੇ ਸਾਹਮਣੇ ਭਰੋਸਾ ਦਿਵਾਇਆ ਹੈ।
ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ 'ਚ ਕੰਵਲਪ੍ਰੀਤ ਸਿੰਘ ਕੰਵਲ, ਲੱਖਾ ਸਿੰਘ ਸਰਾਂ, ਵਿਰਸਾ ਸਿੰਘ, ਲਖਬੀਰ ਸਿੰਘ ਫੌਜੀ, ਦਇਆ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਹਰਜਿੰਦਰ ਸਿੰਘ, ਤਜਿੰਦਰ ਸਿੰਘ, ਪ੍ਰਭਜੀਤ ਸਿੰਘ, ਇੰਦਰਜੀਤ ਸਿੰਘ, ਗੁਲਜ਼ਾਰ ਸਿੰਘ, ਸੰਦੀਪ ਸਿੰਘ, ਬਲਜੀਤ ਸਿੰਘ ਰੰਧਾਵਾ, ਮਹਿੰਦਰ ਸਿੰਘ ਤੇ ਹੋਰ ਵੀ ਬਹੁਤ ਸਾਰੇ ਨੁਮਾਇੰਦੇ ਹਾਜ਼ਰ ਸਨ।
ਇਸ ਸਬੰਧੀ ਜਦੋਂ ਨਿਸ਼ਾਂਤ ਬੱਸ ਸਰਵਿਸ ਦੇ ਮਾਲਕ ਜਤਿੰਦਰਪਾਲ ਸਿੰਘ ਗਰੋਵਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਲ ਪ੍ਰਾਈਵੇਟ ਟਰਾਂਸਪੋਰਟ ਯੂਨੀਅਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਵਰਕਰ ਨਾਲ ਬਦਸਲੂਕੀ ਨਹੀਂ ਕੀਤੀ ਤੇ ਹਮੇਸ਼ਾ ਆਪਣੇ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਹੈ ਪਰ ਅੱਜ ਦਾ ਧਰਨਾ ਸਿਰਫ ਉਨ੍ਹਾਂ 'ਤੇ ਦਬਾਅ ਬਣਾਉਣ ਲਈ ਹੀ ਲਾਇਆ ਗਿਆ ਸੀ।


Related News