ਨੀਰਜ, ਵੀਰ ਤੇ ਅਗਰਵਾਲ ਦੀ ਕਰੋਡ਼ਾਂ ਦੀ ਪ੍ਰਾਪਰਟੀ ਅਟੈਚ
Saturday, Jul 07, 2018 - 04:48 AM (IST)

ਅੰਮ੍ਰਿਤਸਰ, (ਨੀਰਜ)- ਇਨਕਮ ਟੈਕਸ ਵਿਭਾਗ ਵੱਲੋਂ ਪਿਛਲੇ ਦਿਨੀਂ ਰੀਅਲ ਅਸਟੇਟ ਸੈਕਟਰ ਨਾਲ ਜੁਡ਼ੇ ਕਾਰੋਬਾਰੀਆਂ ਦੇ 35 ਅਦਾਰਿਆਂ ’ਤੇ ਕੀਤੀ ਗਈ ਰੇਡ ’ਚ ਕਰੋਡ਼ਾਂ ਰੁਪਇਆਂ ਦੀ ਜਿਊਲਰੀ ਕੈਸ਼ ਜ਼ਬਤ ਕੀਤੇ ਜਾਣ ਤੋਂ ਬਾਅਦ ਵਿਭਾਗ ਨੇ 3 ਅਦਾਰਿਆਂ ਜਿਨ੍ਹਾਂ ’ਚ ਨੀਰਜ, ਵੀਰ ਤੇ ਅਗਰਵਾਲ ਦੀ ਕਰੋਡ਼ਾਂ ਰੁਪਇਆਂ ਦੀ ਪ੍ਰਾਪਰਟੀ ਨੂੰ ਅੱਜ ਅਟੈਚ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਵੱਲੋਂ ਪ੍ਰਾਪਰਟੀ ਦੇ 3 ਦਸਤਾਵੇਜ਼ ਮਾਮਲਾ ਵਿਭਾਗ ਦੇ ਤਹਿਸੀਲਦਾਰ ਅਤੇ ਸਬ-ਰਜਿਸਟਰਾਰ ਕੋਲ ਭੇਜੇ ਗਏ, ਜਿਨ੍ਹਾਂ ਨੂੰ ਵਿਭਾਗ ਨੇ ਅਟੈਚ ਕਰ ਦਿੱਤਾ ਹੈ। ਇਸ ਕਾਰਵਾਈ ਕਾਰਨ ਉਕਤ ਤਿੰਨਾਂ ਅਦਾਰਿਆਂ ਦੇ ਮਾਲਕ ਆਪਣੀ ਪ੍ਰਾਪਰਟੀ ਨੂੰ ਨਾ ਤਾਂ ਵੇਚ ਸਕਦੇ ਹਨ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਹੋਰ ਕੰਮ ਕਰ ਸਕਦੇ ਹਨ, ਜਦੋਂ ਤੱਕ ਇਨਕਮ ਟੈਕਸ ਵਿਭਾਗ ਵੱਲੋਂ ਉਨ੍ਹਾਂ ਨੂੰ ਐੱਨ. ਓ. ਸੀ. ਨਹੀਂ ਮਿਲ ਜਾਂਦੀ। ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਲੋਹਾਰਕਾ ਰੋਡ ਸਥਿਤ ਦਰਜਨਾਂ ਅਦਾਰਿਆਂ ਦੀ ਪ੍ਰਾਪਰਟੀ ਨੂੰ ਅਟੈਚ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਅਜੇ ਤੱਕ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਨੇ ਉਨ੍ਹਾਂ 30 ਬੈਂਕ ਲਾਕਰਸ ਨੂੰ ਵੀ ਨਹੀਂ ਖੋਲ੍ਹਿਆ, ਜਿਨ੍ਹਾਂ ਨੂੰ ਰੇਡ ਦੌਰਾਨ ਸੀਜ਼ ਕੀਤਾ ਗਿਆ ਸੀ। ਸੰਭਵ ਹੈ ਕਿ ਇਨ੍ਹਾਂ ਬੈਂਕ ਲਾਕਰਸ ਵਿਚ ਵੀ ਵੱਡੀ ਸਫਲਤਾ ਹੱਥ ਲੱਗੇਗੀ। ਇੰਨਾ ਹੀ ਨਹੀਂ, ਇਨਕਮ ਟੈਕਸ ਵਿਭਾਗ ਉਸ ਮਾਮਲਾ ਵਿਭਾਗ ਦੇ ਪਟਵਾਰੀ ਦੇ ਦਸਤਾਵੇਜ਼ਾਂ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਿਹਾ ਹੈ ਜਿਸ ਦੇ ਘਰ ਵਿਚ ਵਿਭਾਗ ਨੇ ਰੇਡ ਕੀਤੀ ਸੀ। ਪਤਾ ਲੱਗਾ ਹੈ ਕਿ ਪਟਵਾਰੀ ਦੀ ਕੁਝ ਵੱਡੀਆਂ ਕਾਲੋਨੀਆਂ ਵਿਚ ਹਿੱਸੇਦਾਰੀ ਸੀ।