ਦਸੂਹਾ-ਹੁਸ਼ਿਆਰਪੁਰ ਹਾਈਵੇ ''ਤੇ ਭਿਆਨਕ ਹਾਦਸਾ, ਦੋ ਦੀ ਮੌਤ
Friday, Jul 18, 2025 - 05:47 PM (IST)

ਗੜ੍ਹਦੀਵਾਲਾ (ਭੱਟੀ, ਮੁਨਿੰਦਰ) : ਅੱਜ ਸਵੇਰੇ ਦਸੂਹਾ-ਹੁਸ਼ਿਆਰਪੁਰ ਮੇਨ ਹਾਈਵੇ ’ਤੇ ਪੈਂਦੇ ਪਿੰਡ ਮਾਨਗੜ੍ਹ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਬਲੂ ਪੁੱਤਰ ਦੌਲਤ (39) ਵਾਸੀ ਪਿੰਡ ਮੁਹੰਮਦਾਪੁਰ ਜ਼ਿਲਾ ਸੀਤਾਪੁਰੀ ਉੱਤਰ ਪ੍ਰਦੇਸ਼ ਅਤੇ ਰਾਮਪ੍ਰਸਾਦ ਉਰਫ ਕੱਲੂ ਪੁੱਤਰ ਜਸਕਰਨ (28) ਪਿੰਡ ਮਿਸ਼ਰਾਪੁਰ ਜ਼ਿਲਾ ਸੀਤਾਪੁਰ ਉੱਤਰ ਪ੍ਰਦੇਸ਼ (ਯੂ. ਪੀ.) ਹਾਲ ਵਾਸੀ ਭਾਨਾ ਥਾਣਾ ਗੜ੍ਹਦੀਵਾਲਾ ਜ਼ਿਲਾ ਹੁਸ਼ਿਆਰਪੁਰ ਪਿੰਡ ਭਾਨਾ ਵਿਖੇ ਕਿਸੇ ਕਿਸਾਨ ਦੀ ਮੋਟਰ ’ਤੇ ਰਹਿ ਕੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਸਕੂਲ ਨੂੰ ਲੈ ਕੇ ਵੱਡੀ ਵਾਰਦਾਤ, ਚੱਲੀ ਗੋਲ਼ੀ
ਉਕਤ ਦੋਵੇਂ ਪਿੰਡ ਮਾਨਗੜ੍ਹ ਵਿਖੇ ਮਿਹਨਤ ਮਜ਼ਦੂਰੀ ਕਰਨ ਲਈ ਪੈਦਲ ਜਾ ਰਹੇ ਸਨ। ਜਦੋਂ ਉਹ ਮਾਨਗੜ੍ਹ ਤੋਂ ਕੁਲਾਰਾਂ ਨੂੰ ਜਾਂਦੇ ਮੇਨ ਰੋਡ ’ਤੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਫੇਟ ਮਾਰ ਦਿੱਤੀ। ਇਸ ਦੌਰਾਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਬਬਲੂ ਦੇ ਸੱਟਾਂ ਲੱਗਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਰਾਮਪ੍ਰਸਾਦ ਕੱਲੂ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ, ਜਿੱਥੇ ਉਸਦੀ ਵੀ ਮੌਤ ਹੋ ਗਈ। ਗੜ੍ਹਦੀਵਾਲਾ ਪੁਲਸ ਨੇ ਮੌਕੇ ’ਤੇ ਪੁੱਜ ਕੇ ਦੋਵਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।