ਮਨੁੱਖੀ ਸਮੱਗਲਿੰਗ ਦੀ ਸਮੱਸਿਆ ਨਾਲ ਮਿਲ ਕੇ ਨਜਿੱਠਣਗੇ ਇੰਗਲੈਂਡ ਤੇ ਪੰਜਾਬ

Friday, Mar 09, 2018 - 07:10 AM (IST)

ਮਨੁੱਖੀ ਸਮੱਗਲਿੰਗ ਦੀ ਸਮੱਸਿਆ ਨਾਲ ਮਿਲ ਕੇ ਨਜਿੱਠਣਗੇ ਇੰਗਲੈਂਡ ਤੇ ਪੰਜਾਬ

ਜਲੰਧਰ (ਧਵਨ) - ਇੰਗਲੈਂਡ ਤੇ ਪੰਜਾਬ ਸਰਕਾਰ ਮਿਲ ਕੇ ਹੁਣ ਮਨੁੱਖੀ ਸਮੱਗਲਿੰਗ ਦੀ ਸਮੱਸਿਆ ਨਾਲ ਨਜਿੱਠਣਗੇ ਤਾਂ ਕਿ ਪੰਜਾਬ ਤੋਂ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ 'ਚ ਜਾਣ ਵਾਲੇ ਲੋਕਾਂ 'ਤੇ ਰੋਕ ਲਾਈ ਜਾ ਸਕੇ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬ੍ਰਿਟਿਸ਼ ਹਾਈ ਕਮਿਸ਼ਨਰ ਡੋਮੀਨਿਕ ਐਸਿਕਵਥ ਦੇ ਸਾਹਮਣੇ ਮਨੁੱਖੀ ਸਮੱਗਲਿੰਗ ਤੇ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ ਜਾਣ ਵਾਲੇ ਲੋਕਾਂ ਦਾ ਮਾਮਲਾ ਚੁੱਕਿਆ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਇੰਗਲੈਂਡ ਤੇ ਪੰਜਾਬ ਸਰਕਾਰ ਮਿਲ ਕੇ ਉਨ੍ਹਾਂ ਉਪਾਵਾਂ ਨੂੰ ਦੇਖਣਗੇ, ਜਿਸ ਨਾਲ ਸੂਬੇ ਤੋਂ ਹੋਣ ਵਾਲੀ ਮਨੁੱਖੀ ਸਮੱਗਲਿੰਗ 'ਤੇ ਰੋਕ ਲਾਈ ਜਾ ਸਕੇ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਐਸਿਕਵਥ ਨੂੰ ਦੱਸਿਆ ਕਿ ਉਨ੍ਹਾਂ ਨੇ ਸੂਬਾ ਪੁਲਸ ਨੂੰ ਟ੍ਰੈਵਲ ਏਜੰਟਾਂ 'ਤੇ ਲਗਾਤਾਰ ਛਾਪੇ ਮਾਰਨ ਦੇ ਨਿਰਦੇਸ਼ ਦਿੱਤੇ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ 'ਚ ਲੱਗੇ ਹੋਏ ਹਨ। ਇਸ ਨਾਲ ਕਈ ਮਾਸੂਮ ਪਰਿਵਾਰਾਂ ਨੂੰ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਕਈ ਵਾਰ ਟ੍ਰੈਵਲ ਏਜੰਟ ਇਨ੍ਹਾਂ ਪਰਿਵਾਰਾਂ ਦੀਆਂ ਸਾਲਾਂ ਤੋਂ ਕਮਾਈ ਗਈ ਪੂੰਜੀ ਨੂੰ ਲੈ ਕੇ ਫਰਾਰ ਵੀ ਹੋ ਜਾਂਦੇ ਹਨ। ਮੁੱਖ ਮੰਤਰੀ ਨੇ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਕਿਹਾ ਕਿ ਸੂਬੇ 'ਚ ਉਦਯੋਗਿਕ ਵਿਕਾਸ ਨੂੰ ਉਨ੍ਹਾਂ ਦੀ ਸਰਕਾਰ ਰਫਤਾਰ ਦੇਣ 'ਚ ਲੱਗੀ ਹੋਈ ਹੈ। ਇਸ ਲਈ ਇੰਗਲੈਂਡ ਨੂੰ ਵੀ ਸੂਬਾ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਦਾ ਲਾਭ ਉਠਾਉਂਦੇ ਹੋਏ ਆਪਣੇ ਉਦਮੀਆਂ ਨੂੰ ਪੰਜਾਬ 'ਚ ਪੂੰਜੀ ਨਿਵੇਸ਼ ਲਈ ਤਿਆਰ ਕਰਨਾ ਚਾਹੀਦਾ ਹੈ।
ਉਨ੍ਹਾਂ ਇੰਗਲੈਂਡ ਤੇ ਪੰਜਾਬ ਦੇ ਆਪਸੀ ਸਬੰਧਾਂ 'ਚ ਸੁਧਾਰ ਲਿਆਉਣ ਅਤੇ ਖੇਤੀ ਖੇਤਰ 'ਚ ਸਹਿਯੋਗ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਪੰਜਾਬ 'ਚ ਕਿਸਾਨਾਂ ਦੀ ਬੁਰੀ ਹਾਲਤ ਨੂੰ ਦੇਖਦੇ ਹੋਏ ਇੰਗਲੈਂਡ ਤੋਂ ਖੇਤੀ ਖੇਤਰ ਨੂੰ ਲੈ ਕੇ ਨਵੀਂ ਤਕਨੀਕ ਟ੍ਰਾਂਸਫਰ ਕਰਨ ਲਈ ਕਿਹਾ, ਜਿਸ ਨਾਲ ਕਿਸਾਨਾਂ ਦੀ ਆਮਦਨੀ 'ਚ ਵਾਧਾ ਹੋ ਸਕੇ ਪਰ ਸਭ ਤੋਂ ਵੱਡਾ ਮੁੱਦਾ ਇਸ ਸਮੇਂ ਮਨੁੱਖੀ ਸਮੱਗਲਿੰਗ ਨਾਲ ਜੁੜਿਆ ਹੋਇਆ ਹੈ।


Related News