UK ਭੇਜਣ ਦੇ ਨਾਂ ’ਤੇ 58.50 ਲੱਖ ਦੀ ਠੱਗੀ, ਇੰਗਲੈਂਡ ਰਹਿੰਦੀਆਂ ਦੋ ਔਰਤਾਂ ਸਮੇਤ ਚਾਰ ਖ਼ਿਲਾਫ਼ ਕੇਸ ਦਰਜ
Saturday, Jul 04, 2026 - 06:22 PM (IST)
ਫਰੀਦਕੋਟ (ਰਾਜਨ) : ਯੂ.ਕੇ. ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਥਾਣਾ ਸਿਟੀ ਫਰੀਦਕੋਟ ਪੁਲਸ ਨੇ ਇੰਗਲੈਂਡ ਵਿਚ ਰਹਿ ਰਹੀਆਂ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਵਾਂ ਮਾਮਲਿਆਂ ਵਿਚ ਮੁਲਜ਼ਮਾਂ ’ਤੇ ਕੁੱਲ 58 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹਨ। ਪੁਲਸ ਨੇ ਸ਼ਿਕਾਇਤਾਂ ਦੀ ਪੜਤਾਲ ਤੋਂ ਬਾਅਦ ਸਬੰਧਿਤ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਕੁਲਦੀਪ ਕੌਰ ਵਾਸੀ ਧਰਮਕੋਟ (ਜ਼ਿਲ੍ਹਾ ਮੋਗਾ), ਸੰਜੀਵ ਸੇਠੀ, ਬਿਕਰਮਜੀਤ ਸੰਧੂ, ਕਰਮਜੀਤ ਕੌਰ ਅਤੇ ਰਾਜ ਕੌਰ ਨੇ ਪੁਲਸ ਨੂੰ ਦਿੱਤੀਆਂ ਸ਼ਿਕਾਇਤਾਂ ਵਿੱਚ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਯੂ.ਕੇ. ਭੇਜਣ ਦਾ ਭਰੋਸਾ ਦੇ ਕੇ ਵੱਖ-ਵੱਖ ਸਮੇਂ ਕੁੱਲ 51 ਲੱਖ 50 ਹਜ਼ਾਰ ਰੁਪਏ ਵਸੂਲ ਕਰ ਲਏ, ਪਰ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਸ਼ਿਕਾਇਤਾਂ ਅਨੁਸਾਰ ਕੁਲਦੀਪ ਕੌਰ ਤੋਂ 7 ਲੱਖ, ਸੰਜੀਵ ਸੇਠੀ ਤੋਂ 14 ਲੱਖ, ਬਿਕਰਮਜੀਤ ਸੰਧੂ ਤੋਂ 6 ਲੱਖ (500 ਪੌਂਡ ), ਕਰਮਜੀਤ ਕੌਰ ਤੋਂ 14 ਲੱਖ ਅਤੇ ਰਾਜ ਕੌਰ ਤੋਂ 10 ਲੱਖ 50 ਹਜ਼ਾਰ ਰੁਪਏ ਲਏ ਗਏ।
ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਪਿੰਡ ਪਹਿਲੂਵਾਲਾ ਦੇ ਵਸਨੀਕ ਸੁੱਚਾ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਨੂੰ ਯੂ.ਕੇ. ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 7 ਲੱਖ ਰੁਪਏ ਵਸੂਲ ਕੀਤੇ ਗਏ, ਪਰ ਨਾ ਤਾਂ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਪੁਲਸ ਨੇ ਪਹਿਲੇ ਮਾਮਲੇ ਵਿਚ ਗੁਰਸ਼ਰਨ ਕੌਰ ਪਤਨੀ ਪੁਸ਼ਪਿੰਦਰ ਸਿੰਘ (ਹਾਲ ਵਾਸੀ ਇੰਗਲੈਂਡ), ਕੁਲਦੀਪ ਕੌਰ ਪਤਨੀ ਅਜੈਪਾਲ ਸਿੰਘ (ਜਰਮਨ ਕਲੋਨੀ, ਫਰੀਦਕੋਟ, ਹਾਲ ਵਾਸੀ ਇੰਗਲੈਂਡ) ਅਤੇ ਅਨੋਖ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਡੋਗਰ ਬਸਤੀ, ਫਰੀਦਕੋਟ ਨੂੰ ਨਾਮਜ਼ਦ ਕੀਤਾ ਹੈ ਜਦਕਿ ਦੂਜੇ ਮਾਮਲੇ ਵਿੱਚ ਗੁਰਸ਼ਰਨ ਕੌਰ ਪਤਨੀ ਪੁਸ਼ਪਿੰਦਰ ਸਿੰਘ (ਹਾਲ ਵਾਸੀ ਇੰਗਲੈਂਡ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਆਪਣੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਹਾਸਲ ਕੀਤੇ। ਥਾਣਾ ਸਿਟੀ ਫਰੀਦਕੋਟ ਪੁਲਸ ਵੱਲੋਂ ਦੋਵਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
