ਪੰਜਾਬ : ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ''ਤੇ ਲਟਕੀ ਤਲਵਾਰ, ਵਿਭਾਗ ਦੀ ਨੇ ਦਿੱਤੀ ਸਖ਼ਤ ਚਿਤਾਵਨੀ

Saturday, Jul 04, 2026 - 11:16 AM (IST)

ਪੰਜਾਬ : ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ''ਤੇ ਲਟਕੀ ਤਲਵਾਰ, ਵਿਭਾਗ ਦੀ ਨੇ ਦਿੱਤੀ ਸਖ਼ਤ ਚਿਤਾਵਨੀ

ਲੁਧਿਆਣਾ (ਵਿੱਕੀ) : ਇਕ ਪਾਸੇ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਖ਼ਤ ਨਿਰਦੇਸ਼ ਹਨ ਤਾਂ ਦੂਜੇ ਪਾਸੇ ਸਰਕਾਰੀ ਹੁਕਮਾਂ ਨੂੰ ਸ਼ਰੇਆਮ ਟਿੱਚ ਜਾਣਦਿਆਂ ਸਰਕਾਰੀ ਸਕੂਲਾਂ ਦੇ ਅਧਿਆਪਕ ਡਿਊਟੀ ਜੁਆਇਨ ਕਰਨ ਹੀ ਨਹੀਂ ਪੁੱਜ ਰਹੇ। ਮਾਮਲਾ ਡਰੱਗ ਐਂਡ ਸੋਸ਼ੀਓ ਇਕੋਨੋਮਿਕ ਸੈਂਸਸ ਦੇ ਤਹਿਤ ਮੈਪਿੰਗ ਅਤੇ ਟ੍ਰੇਨਿੰਗ ਲਈ ਬੁਲਾਈ ਗਈ ਮੀਟਿੰਗ ਦਾ ਹੈ, ਜਿੱਥੇ ਜਾਇਜ਼ ਮਜਬੂਰੀਆਂ ਦਾ ਹਵਾਲਾ ਦੇ ਕੇ ਕਿਸੇ ਵੀ ਅਧਿਆਪਕ ਨੇ ਆਪਣੀ ਹਾਜ਼ਰੀ ਨਹੀਂ ਲਗਵਾਈ। ਅਧਿਆਪਕਾਂ ਦੇ ਇਸ ਅੜੀਅਲ ਤੇ ਲਾਪਰਵਾਹ ਰੁਖ ’ਤੇ ਭੜਕਿਆ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਸਖ਼ਤੀ ’ਤੇ ਉਤਰ ਆਇਆ ਹੈ ਅਤੇ ਡਿਊਟੀ ਨੂੰ ਸੀਰੀਅਸ ਨਾ ਲੈਣ ਵਾਲੇ ਅਧਿਆਪਕਾਂ ਨੂੰ ਸਿੱਧੇ ਤੌਰ ’ਤੇ ਕਾਰਵਾਈ ਦੀ ਚਿਤਾਵਨੀ ਦੇ ਦਿੱਤੀ ਹੈ। ਦੂਜੇ ਪਾਸੇ ਅਧਿਆਪਕਾਂ ਨੇ ਵੀ ਇਸ ਦੇ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਾਨਾਸ਼ਾਹੀ ਕਰਾਰ ਦਿੱਤਾ ਹੈ। ਅਧਿਆਪਕਾਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਅਧਿਆਪਕਾਂ ਦੇ ਨਾਲ ਬੰਧੂਆ ਮਜ਼ਦੂਰਾਂ ਵਰਗਾ ਵਿਵਹਾਰ ਕਰ ਰਹੇ ਹਨ। ਅਧਿਆਪਕਾਂ ’ਤੇ ਲਗਾਤਾਰ ਬੀ. ਐੱਲ. ਓ., ਐੱਸ. ਆਈ. ਆਰ. ਕੰਟਰੋਲ ਰੂਮ , ਤੀਰਥ ਯਾਤਰਾ ਯੋਜਨਾ, ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ, ਸੈਂਸਸ, ਸੋਸ਼ੀਓ ਐਂਡ ਡਰੱਗ ਸੈਂਸਸ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਵਰਗੀ ਗੈਰ ਵਿੱਦਿਅਕ ਡਿਊਟੀਆਂ ਦਾ ਭਾਰੀ ਬੋਝ ਪਾ ਦਿੱਤਾ ਗਿਆ ਹੈ। ਜੂਨ ਦੀ ਭਿਆਨਕ ਗਰਮੀ ਦੀਆਂ ਛੁੱਟੀਆਂ 'ਚ ਅਧਿਆਪਕਾਂ ਤੋਂ ਲਗਾਤਾਰ ਸੈਂਸਸ ਦੀਆਂ ਡਿਊਟੀਆਂ ਕਰਵਾਈਆਂ ਗਈਆਂ। ਇਸ ਤੋਂ ਤੁਰੰਤ ਬਾਅਦ ਨੀਟ ਦੀ ਪ੍ਰੀਖਿਆ 'ਚ ਡਿਊਟੀ ਲਗਾ ਦਿੱਤੀ ਗਈ ਅਤੇ ਫਿਰ ਇਕ ਹੋਰ ਪ੍ਰੀਖਿਆ ਦਾ ਬੋਝ ਵੀ ਅਧਿਆਪਕਾਂ ’ਤੇ ਪਾ ਦਿੱਤਾ ਗਿਆ। ਹੱਦ ਤਾਂ ਉਦੋਂ ਹੋ ਗਈ, ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕੰਪਾਰਟਮੈਂਟ ਦੀਆ ਪ੍ਰੀਖਿਆਵਾਂ ਦੇ ਸ਼ੁਰੂ ਹੁੰਦੇ ਹੀ ਅਧਿਆਪਕਾਂ ’ਤੇ ਆਨਲਾਈਨ ਮਾਰਕਿੰਗ ਦੀ ਟ੍ਰੇਨਿੰਗ ਦਾ ਦਬਾਅ ਵੀ ਬਣਾ ਦਿੱਤਾ ਗਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਸਾਲ ਭਰ ਸਿਰਫ ਸਰਕਾਰ ਦੀਆਂ ਡਿਊਟੀਆਂ ਅਤੇ ਸਰਵੇ ਹੀ ਕਰਦੇ ਰਹਿਣਗੇ ਤਾਂ ਸਕੂਲਾਂ 'ਚ ਗਰੀਬ ਬੱਚਿਆਂ ਨੂੰ ਪੜ੍ਹਾਉਣਗੇ ਕਦੋਂ? ਦੱਸ ਦੇਈਏ ਕਿ ਤਾਜ਼ਾ ਮਾਮਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਜਾਰੀ 2 ਜੂਨ ਨੂੰ ਜਾਰੀ ਇਕ ਦੇ ਸਬੰਧ 'ਚ ਹੈ, ਜਿੱਥੇ ਅਧਿਆਪਕਾਂ ਦੀ ਡਿਊਟੀ ਲਗਾਈ ਸੀ ਪਰ ਸਬੰਧਿਤ ਅਧਿਆਪਕਾਂ ਵਿਚੋਂ ਇਕ ਵੀ ਅਧਿਆਪਕ ਡਿਊਟੀ ਜੁਆਇਨ ਕਰਨ ਦੇ ਲਈ ਨਹੀਂ ਪੁੱਜਾ, ਜਿਸ ਕਾਰਨ 2 ਜੂਨ ਨੂੰ ਦੇਰ ਸ਼ਾਮ ਵਿਭਾਗ ਨੂੰ ਇਹ ਪੱਤਰ ਜਾਰੀ ਕਰਦੇ ਅਧਿਆਪਕਾਂ ਨੂੰ ਹੁਕਮ ਦਿੱਤੇ ਗਏ ਕਿ ਉਹ 3 ਜੂਨ ਨੂੰ ਆਪਣੀ ਡਿਊਟੀ ਕਿਸੇ ਵਿਭਾਗ ਵਿਚ ਜੁਆਇਨ ਕਰਨ। ਹਾਲਾਂਕਿ ਜ਼ਿਆਦਾਤਰ ਅਧਿਆਪਕਾਂ ਨੇ ਫਿਰ ਵੀ ਇਹ ਡਿਊਟੀ ਜੁਆਇਨ ਨਹੀਂ ਕੀਤੀ ਜਿਸ ਨੂੰ ਲੈ ਕੇ ਵਿਭਾਗ ਦੇ ਅਧਿਕਾਰੀ ਵੀ ਹੈਰਾਨ ਹਨ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਇਨ੍ਹਾਂ ਪਿੰਡਾਂ ਲਈ ਵੱਡਾ ਅਲਰਟ! ਬੰਨ੍ਹ ਟੁੱਟਣ ਨਾਲ ਵਿਗੜੇ ਹਾਲਾਤ, ਅਲਰਟ ਮੋਡ 'ਤੇ ਪ੍ਰਸ਼ਾਸਨ (ਵੀਡੀਓ)

ਡਰੱਗ ਐਂਡ ਸੋਸ਼ੀਓ ਇਕੋਨੋਮਿਕ ਸੈਂਸਸ ਦੇ ਨਾਂ ’ਤੇ ਹੋ ਰਿਹਾ ਪ੍ਰਚਾਰ

ਅਧਿਆਪਕਾਂ ਨੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਡਰੱਗ ਐਂਡ ਸੋਸ਼ੀਓ ਇਕੋਨੋਮਿਕ ਸੈਂਸਸ ਦੇ ਨਾਂ ’ਤੇ ਕਥਿਤ ਆਪ ਸਰਕਾਰ ਦਾ ਪ੍ਰਚਾਰ ਹੋ ਰਿਹਾ ਹੈ, ਜਿਸ ਤਹਿਤ ਸਰਕਾਰੀ ਮਸ਼ੀਨਰੀ ਅਤੇ ਫੰਡਸ ਦੀ ਦੁਰਵਰਤੋਂ ਕਰਕੇ ਸਿਰਫ ਸਿਆਸੀ ਜ਼ਮੀਨ ਮਜ਼ਬੂਤ ਕੀਤੀ ਜਾ ਰਹੀ ਹੈ। ਇਕ ਪਾਸੇ ਤਾਂ ਇਨ੍ਹਾਂ ਡਿਊਟੀਆਂ ਨੂੰ ਸਵੈਇੱਛਕ ਦੱਸ ਕੇ ਪ੍ਰਚਾਰਿਆ ਜਾਂਦਾ ਹੈ ਪਰ ਜਦੋਂ ਕੋਈ ਅਧਿਆਪਕ ਉੱਥੇ ਪੁੱਜਦਾ ਹੈ ਤਾਂ ਉਸ ਤੋਂ ਜ਼ਬਰੀ ਫਾਰਮ ਭਰਵਾ ਲਿਆ ਜਾਂਦਾ ਹੈ ਕਿ ਉਹ ਇਹ ਡਿਊਟੀ ਆਪਣੀ ਮਰਜ਼ੀ ਨਾਲ ਜੁਆਇਨ ਕਰ ਰਿਹਾ ਹੈ। ਇਹ ਸਿੱਧੇ ਤੌਰ ‘ਤੇ ਅਧਿਆਪਕਾਂ ਦੇ ਨਾਲ ਧੋਖਾ ਤੇ ਮਾਨਸਿਕ ਜ਼ੁਲਮ ਹੈ। ਆਪਣੀ ਮਰਜ਼ੀ ਨਾਲ ਕੰਮ ਕਰਨ ਦੀ ਗੱਲ ਕਹਿਣ ਵਾਲਾ ਪ੍ਰਸ਼ਾਸਨ ਦੂਜੇ ਪਾਸੇ ਡਿਊਟੀ ’ਤੇ ਨਾ ਆਉਣ ’ਤੇ ਨੋਟਿਸ ਭੇਜਣ ਦੀਆਂ ਧਮਕੀਆਂ ਦੇ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ਬਿੱਲਾਂ ਨੇ ਵਧਾਈ ਪਰੇਸ਼ਾਨੀ, ਪਾਵਰਕਾਮ ਦਫ਼ਤਰ 'ਚ...

3 ਸਕੂਲਾਂ ਦੇ ਹੀ 100 ਤੋਂ ਵੱਧ ਅਧਿਆਪਕਾਂ ’ਤੇ ਤਾਨਾਸ਼ਾਹੀ ਦਾ ਚਾਬੁਕ

ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਵੱਲੋਂ ਜਾਰੀ ਪੱਤਰ ’ਤੇ ਸਖ਼ਤ ਇਤਰਾਜ਼ ਜਤਾਉਂਦੇ ਕਿਹਾ ਕਿ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਸਾਰੇ ਅਧਿਆਪਕਾਂ ਨੂੰ ਹਰ ਹਾਲ 'ਚ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਚ ਹਾਜ਼ਰ ਹੋਣ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਚੌਂਕਾ ਦੇਣ ਵਾਲੀ ਗੱਲ ਇਹ ਹੈ ਕਿ ਇਸ ਲਿਸਟ 'ਚ ਸ਼ਹਿਰ ਦੇ ਸਿਰਫ 3 ਮੁੱਖ ਸਕੂਲਾਂ ਤੋਂ ਹੀ 100 ਤੋਂ ਵੱਧ ਅਧਿਆਪਕਾਂ ਨੂੰ ਜ਼ਬਰੀ ਇਸ ਕੰਮ ਵਿਚ ਘੜੀਸਿਆ ਗਿਆ ਹੈ, ਜਿਨ੍ਹਾਂ ਵਿਚੋਂ ਇਕੱਲੇ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿੱਟਰੀ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਅਤੇ ਇਕ ਹੋਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਸ਼ਾਮਲ ਹਨ। ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਹਾਜ਼ਰ ਨਾ ਹੋਇਆ ਤਾਂ ਉਸ ’ਤੇ ਅਤੇ ਸਕੂਲ ਮੁਖੀ ’ਤੇ ਤੁਰੰਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਤੇ ਸਿਰਫ ਬੀ. ਐੱਲ. ਓ. ਅਤੇ ਐੱਸ.ਆਈ.ਆਰ. ਡਿਊਟੀ ਵਾਲਿਆਂ ਨੂੰ ਹੀ ਇਸ ਤੋਂ ਛੋਟ ਮਿਲੇਗੀ। ਅਧਿਆਪਕਾਂ ਨੇ ਵੀ ਸਾਫ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਅਤੇ ਵਿਭਾਗ ਦੇ ਇਸ ਅੜੀਅਲ ਰਵੱਈਏ ਅਤੇ ਤਾਨਾਸ਼ਾਹੀ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


 


author

Babita

Content Editor

Related News