1000 ਮੁਸਲਿਮ ਭਰਾਵਾਂ ਨੇ ਗੁਰਦੁਆਰਾ ਸਾਹਿਬ ''ਚ ਅਦਾ ਕੀਤੀ ਬਕਰੀਦ ਦੀ ਨਮਾਜ਼
Monday, Sep 04, 2017 - 08:43 AM (IST)
ਗੋਪੇਸ਼ਵਰ — ਸਰਬ ਸਾਂਝੀਵਾਲਤਾ ਦੀ ਇਕ ਵੱਡੀ ਮਿਸਾਲ ਪੇਸ਼ ਕਰਦਿਆਂ ਜੋਸ਼ੀ ਮੱਠ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਅੱਜ ਬਕਰੀਦ ਦੇ ਮੌਕੇ ਮੁਸਲਮਾਨ ਭਰਾਵਾਂ ਨੂੰ ਨਮਾਜ਼ ਅਦਾ ਕਰਨ ਲਈ ਥਾਂ ਦਿੱਤੀ ਗਈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਪ੍ਰਬੰਧਕ ਕਮੇਟੀ ਦੇ ਮੁਖੀ ਸ. ਸੇਵਾ ਸਿੰਘ ਨੇ ਕਿਹਾ, ''ਬੜਾ ਤੇਜ਼ ਮੀਂਹ ਪੈ ਰਿਹਾ ਸੀ ਅਤੇ ਮੁਸਲਮਾਨ ਭਰਾਵਾਂ ਨੂੰ ਖੁੱਲ੍ਹੇ 'ਚ ਨਮਾਜ਼ ਅਦਾ ਕਰਨ ਦੀ ਔਕੜ ਤੋਂ ਬਚਾਉਣ ਲਈ ਅਸੀਂ ਉਨ੍ਹਾਂ ਨੂੰ ਜੋਸ਼ੀ ਮੱਠ ਵਿਖੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਨੇੜਲੀ ਜਗ੍ਹਾ ਮੁਹੱਈਆ ਕਰਵਾਈ।''
ਇਥੇ ਸਵੇਰੇ 9 ਵਜੇ ਤੋਂ 10 ਵਜੇ ਤਕ ਲਗਭਗ 1000 ਮੁਸਲਮਾਨ ਭਰਾਵਾਂ ਨੇ ਨਮਾਜ਼ ਅਦਾ ਕੀਤੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਨਾਸ਼ਤਾ ਵੀ ਕਰਵਾਇਆ। ਸਥਾਨਕ ਪ੍ਰਸ਼ਾਸਨ ਨੇ ਵੀ ਇਨ੍ਹਾਂ ਪ੍ਰਬੰਧਾਂ 'ਚ ਮਦਦ ਕੀਤੀ। ਯਾਦ ਰਹੇ ਕਿ ਜੋਸ਼ੀ ਮੱਠ, ਬਦਰੀਨਾਥ ਅਤੇ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ 'ਚ ਪੈਂਦਾ ਹੈ।
