ਪਿਮਸ ਦੇ ਡਾਕਟਰਾਂ ਨੇ ਜਿਸ ਨੂੰ ਦੱਸਿਆ ਸੀ ਮ੍ਰਿਤਕ, ਦੁਨੀਆ ''ਚ ਆ ਗਿਆ ਉਹ ਬੱਚਾ
Wednesday, Jul 05, 2017 - 07:49 AM (IST)
ਜਲੰਧਰ, (ਅਮਿਤ)- ਪਿਮਸ (ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ) ਗੜ੍ਹਾ ਰੋਡ ਜਲੰਧਰ ਵਿਚ ਹੋਣ ਵਾਲੇ ਵਿਵਾਦਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲਾ ਪਿਮਸ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਵਿਵਾਦ ਦਾ ਕਾਰਨ ਅਲਟਰਾਸਾਊਂਡ ਸਕੈਨਿੰਗ ਵਿਭਾਗ ਵਿਚ ਤਾਇਨਾਤ ਡਾਕਟਰਾਂ ਤੇ ਸਟਾਫ ਦੀ ਵੱਡੀ ਲਾਪ੍ਰਵਾਹੀ ਬਣੀ ਹੈ, ਜਿਸ ਵਿਚ ਗਰਭ ਵਿਚ ਪਲ ਰਹੇ 6 ਮਹੀਨੇ ਦੇ ਬੱਚੇ ਨੂੰ ਮਰਿਆ ਹੋਇਆ ਦੱਸਿਆ ਗਿਆ। ਮੰਗਲਵਾਰ ਨੂੰ ਮਾਮਲਾ ਉਜਾਗਰ ਹੋਣ 'ਤੇ ਪੂਰੇ ਪਿਮਸ ਵਿਚ ਹੜਕੰਪ ਮਚ ਗਿਆ ਤੇ ਕਿਸੇ ਤਰ੍ਹਾਂ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਕੀ ਹੈ ਮਾਮਲਾ, ਕਿਵੇਂ ਹੋਈ ਲਾਪ੍ਰਵਾਹੀ
ਰਾਜ ਕੁਮਾਰੀ ਪਤਨੀ ਅਜੀਤ ਕੁਮਾਰ ਵਾਸੀ ਫੱਗੂ ਮੁਹੱਲਾ, ਕੈਂਟ ਰੋਡ ਜਲੰਧਰ ਜੋ ਕਿ ਗਰਭਵਤੀ ਸੀ ਤੇ ਉਸ ਦਾ ਇਲਾਜ ਪਿਮਸ ਵਿਚ ਚੱਲ ਰਿਹਾ ਸੀ।
ਉਹ 23 ਮਾਰਚ ਨੂੰ ਪਿਮਸ ਵਿਚ ਸਕੈਨਿੰਗ ਲਈ ਪਹੁੰਚੀ, ਜਿਥੇ ਉਸ ਦੀ ਸਕੈਨਿੰਗ ਕਰਨ ਤੋਂ ਬਾਅਦ ਦਿੱਤੀ ਗਈ ਰਿਪੋਰਟ ਵਿਚ ਉਸ ਦੇ 6 ਮਹੀਨੇ ਦੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਇੰਨਾ ਹੀ ਨਹੀਂ, ਉਸ ਨੂੰ ਗਰਭਪਾਤ ਕਰਵਾਉਣ ਦੀ ਸਲਾਹ ਦਿੱਤੀ ਗਈ, ਜਿਸ ਨੂੰ ਨਾ ਮੰਨਦਿਆਂ ਹੋਇਆਂ ਔਰਤ ਦੀ ਸੱਸ ਕਾਂਤਾ ਰਾਣੀ ਨੇ ਗਾਇਨੀ ਡਾ. ਐੱਸ. ਕੇ. ਚੀਮਾ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ 'ਤੇ ਸਕੈਨ ਕਰਵਾਉਣ ਦੀ ਸਲਾਹ ਦਿੱਤੀ।
ਮਾਨ ਸਕੈਨਿੰਗ ਸੈਂਟਰ 'ਤੇ ਉਸੇ ਦਿਨ ਸਕੈਨ ਕਰਵਾਉਣ 'ਤੇ ਪਰਿਵਾਰ ਨੂੰ ਪਤਾ ਲੱਗਾ ਕਿ ਬੱਚਾ ਜਿਊਂਦਾ ਤੇ ਬਿਲਕੁਲ ਠੀਕ-ਠਾਕ ਹੈ। ਬੱਚੇ ਦੀ ਸਲਾਮਤੀ ਦਾ ਪਤਾ ਲੱਗਦਿਆਂ ਹੀ ਪਰਿਵਾਰ ਦੀ ਜਾਨ ਵਿਚ ਜਾਨ ਆਈ ਤੇ ਉਨ੍ਹਾਂ ਨੇ ਪਿਮਸ ਵਿਚ ਜਾ ਕੇ ਮੈਨੇਜਮੈਂਟ ਨੂੰ ਆਪਣੀ ਸ਼ਿਕਾਇਤ ਦਿੱਤੀ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਿਮਸ ਮੈਨੇਜਮੈਂਟ ਨੇ ਆਪਣੀ ਜ਼ਿੰਮੇਵਾਰੀ ਤੋਂ ਸਾਫ ਤੌਰ 'ਤੇ ਪੱਲਾ ਝਾੜਦਿਆਂ ਕਿਹਾ ਕਿ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਤੇ ਇਹ ਸਿਰਫ ਇਕ ਮਾਮੂਲੀ ਕਲੈਰੀਕਲ ਮਿਸਟੇਕ ਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਰਿਪੋਰਟ ਟਾਈਪ ਕਰਨ ਵਾਲੇ ਸਟਾਫ ਵਲੋਂ ਜਲਦਬਾਜ਼ੀ ਵਿਚ ਗਲਤ ਰਿਪੋਰਟ ਬਣਾ ਕੇ ਦੇ ਦਿੱਤੀ ਗਈ, ਜਿਸ ਉਪਰ ਬਾਅਦ ਵਿਚ ਕਿਸੇ ਨੇ ਗੌਰ ਨਹੀਂ ਕੀਤਾ, ਨਹੀਂ ਤਾਂ ਮਾਮਲਾ ਇੰਨੀ ਦੂਰ ਤੱਕ ਜਾਣਾ ਹੀ ਨਹੀਂ ਸੀ। ਸੀ. ਟੀ. ਸਕੈਨ ਰਿਪੋਰਟ ਵਿਚ ਵੀ ਜੇਕਰ ਇਕ ਗਲਤ ਲਾਈਨ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਸਾਰੀ ਰਿਪੋਰਟ ਵਿਚ ਬੱਚੇ ਦੇ ਮਰੇ ਹੋਏ ਹੋਣ ਸੰਬੰਧੀ ਕੁਝ ਨਹੀਂ ਲਿਖਿਆ ਗਿਆ। ਰਿਪੋਰਟ ਦੇ ਅੰਤ ਵਿਚ ਬੱਚੇ ਨੂੰ ਜਿਉਂਦਾ ਦੱਸਿਆ ਗਿਆ ਹੈ।
