ਸਰੱਹਦੀ ਪਿੰਡਾਂ ਦੇ ਲੋਕਾਂ ਵਲੋਂ ਢਾਲ ਬਣੀ ਫ਼ੌਜ ਦਾ ਧੰਨਵਾਦ, ਬੋਲੇ-ਸਾਨੂੰ ਸਾਡੀ ਫ਼ੌਜ ''ਤੇ ਮਾਣ
Thursday, May 15, 2025 - 03:54 PM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ) : ਪਾਕਿਸਤਾਨ ਨਾਲ ਤਣਾਅ ਉਪਰੰਤ ਦੋਹਾਂ ਮੁਲਕਾਂ 'ਚ ਸੀਜ਼ਫਾਇਰ ਹੋਣ ਤੋਂ ਬਾਅਦ ਸਰਹੱਦ ਦੇ ਨਾਲ ਲੱਗਦੇ ਪਿੰਡਾਂ 'ਚ ਜੀਵਨ ਪਟੜੀ 'ਤੇ ਮੁੜ ਆਇਆ ਹੈ। ਲੋਕ ਜੰਗ ਦਾ ਡਰ ਭੁਲਾ ਆਮ ਵਾਂਗ ਆਪਣੇ ਕੰਮ ਧੰਦੇ ਲੱਗ ਗਏ ਹਨ ਪਰ ਇਸ ਸਾਰੇ ਸਮੇਂ ਦੌਰਾਨ ਜਿੱਥੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਬਹਾਦਰੀ ਅਤੇ ਦੇਸ਼ ਪ੍ਰੇਮ ਦੀ ਮਿਸਾਲ ਵੇਖਣ ਨੂੰ ਮਿਲੀ, ਉੱਥੇ ਹੀ ਲੋਕ ਸਾਡੀ ਬਹਾਦਰ ਫ਼ੌਜ ਦਾ ਵੀ ਧੰਨਵਾਦ ਕਰ ਰਹੇ ਹਨ। ਫ਼ੌਜ ਨੇ ਇਸ ਪਾਸੇ ਆਏ ਡਰੋਨ ਹਮਲਿਆਂ ਨੂੰ ਨਾਕਾਮ ਕੀਤਾ। ਸਰਹੱਦੀ ਪਿੰਡਾਂ ਦੇ ਲੋਕ ਇਕ ਜ਼ੁਬਾਨ ਫ਼ੌਜ ਦਾ ਸ਼ੁਕਰਾਨਾ ਕਰਦੇ ਵਿਖਾਈ ਦਿੱਤੇ, ਜਿਸ ਵੱਲੋਂ ਲੋਕਾਂ ਨੂੰ ਆਂਚ ਨਹੀਂ ਆਉਣ ਦਿੱਤੀ ਗਈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨਾਲ ਸੰਪਰਕ ਰੱਖਿਆ ਗਿਆ ਅਤੇ ਹਰੇਕ ਤਰ੍ਹਾਂ ਦੀ ਸੂਚਨਾ ਉਨ੍ਹਾਂ ਤੱਕ ਪੁੱਜਦੀ ਕਰਨ ਦੇ ਨਾਲ ਇਸ ਵਾਰ ਲੋਕਾਂ ਨੂੰ ਘਰ ਖ਼ਾਲੀ ਕਰਨ ਲਈ ਨਹੀਂ ਕਿਹਾ ਗਿਆ ਸੀ ਕਿਉਂਕਿ ਸਾਡੀ ਫ਼ੌਜ ਦੀ ਕਾਬਲੀਅਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਪਿੰਡ ਜੋਧਾ ਭੈਣੀ ਦਾ ਨੌਜਵਾਨ ਬੱਬੂ ਸਿੰਘ ਆਖਦਾ ਹੈ ਕਿ ਸਾਡਾ ਪਿੰਡ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਪੈਂਦਾ ਹੈ ਅਤੇ ਸਾਨੂੰ ਆਪਣੀ ਫ਼ੌਜ 'ਤੇ ਦ੍ਰਿੜ ਭਰੋਸਾ ਸੀ। ਅਸੀਂ ਪਿੰਡ 'ਚ ਹੀ ਡਟੇ ਰਹੇ। ਜਦੋਂ ਭਾਰਤੀ ਫ਼ੌਜ ਬਾਰਡਰ 'ਤੇ ਹੋਵੇ ਤਾਂ ਸਾਨੂੰ ਕਿਸ ਗੱਲ ਦਾ ਡਰ। ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਸਾਨੂੰ ਹਰ ਤਰ੍ਹਾਂ ਦੇ ਜ਼ਰੂਰੀ ਦਿਸ਼ਾ-ਨਿਰਦੇਸ਼ ਸਮੇਂ-ਸਮੇਂ 'ਤੇ ਮਿਲਦੇ ਰਹਿੰਦੇ ਸਨ। ਜ਼ਿਕਰਯੋਗ ਹੈ ਕਿ ਇਸ ਤਣਾਅ ਵਾਲੇ ਸਮੇਂ ਦੌਰਾਨ ਫਾਜ਼ਿਲਕਾ ਵੱਲ ਵੀ ਦੁਸ਼ਮਣ ਵੱਲੋਂ ਡਰੋਨ ਹਮਲਾ ਕੀਤਾ ਗਿਆ ਸੀ ਪਰ ਸਾਡੀ ਫ਼ੌਜ ਨੇ ਇਸ ਨੂੰ ਹਵਾ ਵਿਚ ਹੀ ਨਾਕਾਮ ਕਰ ਦਿੱਤਾ ਅਤੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਗਿਆ।
ਫਾਜ਼ਿਲਕਾ ਦੇ ਲੋਕ ਆਪਣੀ ਫ਼ੌਜ ਨਾਲ ਹਮੇਸ਼ਾ ਹੀ ਜੁੜ ਕੇ ਕੰਮ ਕਰਦੇ ਹਨ ਅਤੇ 1971 ਦੀ ਜੰਗ 'ਚ ਵੀ ਜਿਸ ਤਰ੍ਹਾਂ ਸਾਡੀ ਮਹਾਨ ਫ਼ੌਜ ਨੇ ਆਪਣੇ ਜਵਾਨਾਂ ਦੀ ਕੁਰਬਾਨੀ ਦੇ ਕੇ ਫਾਜ਼ਿਲਕਾ ਨੂੰ ਬਚਾਇਆ ਸੀ, ਉਸ ਦੀ ਯਾਦ ਵਿਚ ਇੱਥੋਂ ਦੇ ਲੋਕਾਂ ਵਲੋਂ ਆਸਫਵਾਲਾ ਵਿਚ ਇਕ ਜੰਗੀ ਯਾਦਗਾਰ ਬਣਾ ਕੇ ਹਮੇਸ਼ਾ ਇਸ ਨੂੰ ਸਿਜਦਾ ਕੀਤਾ ਜਾਂਦਾ ਹੈ। ਇਕ ਵਾਰ ਫਿਰ ਇਸ ਵਾਰ ਦੇਸ਼ ਦੇ ਰਖਵਾਲਿਆਂ ਦਾ ਫਾਜ਼ਿਲਕਾ ਜ਼ਿਲ੍ਹੇ ਦੇ ਲੋਕ ਦਿਲੋਂ ਧੰਨਵਾਦ ਕਰਦੇ ਵਿਖਾਈ ਦਿੰਦੇ ਹਨ। ਪਾਕਿ ਸਰਹੱਦ ਤੋਂ ਸਿਰਫ ਇਕ ਕਿਲੋਮੀਟਰ ਦੂਰ ਵਸੇ ਪਿੰਡ ਖਾਨ ਵਾਲਾ ਦੇ ਸੰਜੈ ਕੁਮਾਰ ਆਖਦੇ ਹਨ ਕਿ ਜਦੋਂ ਵੀ ਇੱਥੇ ਫ਼ੌਜ ਆਉਂਦੀ ਹੈ ਤਾਂ ਲੋਕਾਂ ਵਿਚ ਆਤਮ ਵਿਸਵਾਸ਼ ਹੋਰ ਵੱਧ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਸਾਰੇ ਮੁਲਕ ਵਾਂਗ ਸਾਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਆਪਣੀ ਫ਼ੌਜ 'ਤੇ ਮਾਣ ਹੈ ਅਤੇ ਵਰਤਮਾਨ ਹਾਲਾਤ ਵਿਚ ਸਾਡੀ ਰਾਖੀ ਲਈ ਅਸੀਂ ਫ਼ੌਜ ਦੇ ਧੰਨਵਾਦੀ ਹਾਂ। ਉਹ ਬਾਰਡਰ 'ਤੇ ਹੁੰਦੇ ਹਨ ਤਾਂ ਆਮ ਲੋਕ ਆਰਾਮ ਨਾਲ ਸੌਂਦੇ ਹਨ। ਇਸੇ ਤਰ੍ਹਾਂ ਦਾ ਉਤਸ਼ਾਹ ਪਿੰਡ ਪੱਕਾ ਚਿਸ਼ਤੀ ਦੇ ਲੋਕਾਂ ਦਾ ਵਿਖਾਈ ਦਿੱਤਾ। ਸੱਥ ਵਿਚ ਬੈਠੇ ਲੋਕ ਆਖਦੇ ਹਨ ਕਿ ਭਾਰਤੀ ਫ਼ੌਜ ਹੈ ਤਾਂ ਅਸੀਂ ਸੁਰੱਖਿਅਤ ਹਾਂ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਖਦੇ ਹਨ ਕਿ ਫਾਜ਼ਿਲਕਾ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਫ਼ੌਜ ਦਾ ਬਹੁਤ ਸਹਿਯੋਗ ਕੀਤਾ ਹੈ ਅਤੇ ਜਿੱਥੋਂ ਦੇ ਲੋਕ ਫ਼ੌਜ ਤੇ ਪ੍ਰਸ਼ਾਸਨ ਨਾਲ ਇਸ ਕਦਰ ਇਕਸੁਰ ਹੋ ਕੇ ਕੰਮ ਕਰਦੇ ਹਨ, ਉਸ ਦੇਸ਼ ਦੀਆਂ ਸਰਹੱਦਾਂ ਵੱਲ ਕੋਈ ਦੁਸ਼ਮਣ ਵੇਖ ਵੀ ਨਹੀਂ ਸਕਦਾ ਹੈ।