ਬੱਚਿਆਂ ਨੂੰ ਸਿੱਖਿਅਤ ਕਰਨ ਦਾ ਜਨੂੰਨ, ਅਧਿਆਪਕ ਛੁੱਟੀ ਵਾਲੇ ਦਿਨ ਵੀ ਲਾ ਰਿਹੈ ਕਲਾਸਾਂ

Monday, Oct 16, 2017 - 07:41 AM (IST)

ਖਮਾਣੋਂ  (ਅਰੋੜਾ)  - ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਜਨੂੰਨ ਇਸ ਹੱਦ ਤਕ ਇਕ ਸਰਕਾਰੀ ਅਧਿਆਪਕ 'ਤੇ ਹਾਵੀ ਹੈ ਕਿ ਛੁੱਟੀ ਵਾਲੇ ਦਿਨ ਵੀ ਉਹ ਬੱਚਿਆਂ ਦੀਆਂ ਕਲਾਸਾਂ ਲਾ ਰਿਹਾ ਹੈ। ਇਹ ਮਾਮਲਾ ਸਰਕਾਰੀ ਐਲੀਮੈਂਟਰੀ ਸਕੂਲ ਮਨੈਲਾ ਦਾ ਹੈ। 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਬੱਚਿਆਂ ਦੇ ਕਲਾਸ ਟੀਚੇ ਪੂਰੇ ਕਰਵਾਉਣ ਲਈ ਸਟੇਟ ਅਵਾਰਡੀ ਤੇ ਪੜ੍ਹੋ ਪੰਜਾਬ ਦੇ ਜ਼ਿਲਾ ਕੋਆਰਡੀਨੇਟਰ ਫਤਿਹਗੜ੍ਹ ਸਾਹਿਬ ਅਧਿਆਪਕ ਜਗਤਾਰ ਸਿੰਘ ਮਨੈਲਾ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਉਤਸ਼ਾਹਿਤ ਕਰਕੇ ਸ਼ੁੱਕਰਵਾਰ ਨੂੰ ਛੁੱਟੀ ਵਾਲੇ ਦਿਨ ਵੀ ਸਕੂਲ 'ਚ ਕਲਾਸਾਂ ਲਾਈਆਂ ਗਈਆਂ।
ਹੋਰਨਾਂ ਸਕੂਲੀ ਵਿਆਿਰਥੀਆਂ ਨੂੰ ਵੀ ਸੱਦਾ: ਅਧਿਆਪਕ ਮਨੈਲਾ ਨੇ ਕਿਹਾ ਕਿ ਉਨ੍ਹਾਂ ਵਲੋਂ ਬੱਚਿਆਂ ਨੂੰ ਨਵੋਦਿਆ ਦੇ ਦਾਖਲੇ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਆਪਣੇ ਸੁਨਹਿਰੀ ਭਵਿੱਖ ਲਈ ਹੰਭਲਾ ਮਾਰ ਸਕਣ। ਉਨ੍ਹਾਂ ਕਿਹਾ ਕਿ ਹੋਰਨਾਂ ਛੁੱਟੀਆਂ ਤੋਂ ਇਲਾਵਾ ਐਤਵਾਰ ਨੂੰ ਵੀ ਕਲਾਸਾਂ ਲਾਈਆਂ ਜਾ ਰਹੀਆਂ ਹਨ ਜੇਕਰ ਹੋਰ ਕਿਸੇ ਸਕੂਲ ਦਾ ਵਿਦਿਆਰਥੀ ਵੀ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਵੀ ਪੜ੍ਹਾਉਣ ਲਈ ਤਿਆਰ ਹਨ। ਜਿਥੇ ਬੱਚਿਆਂ ਨੂੰ ਵਾਧੂ ਪੜ੍ਹਾਉਣ ਕਾਰਨ ਮਾਪੇ ਖੁਸ਼ੀ ਜ਼ਾਹਿਰ ਕਰ ਰਹੇ ਹਨ, ਉਥੇ ਹੀ ਸਕੂਲ ਮੈਨੇਜਮੈਂਟ ਕਮੇਟੀ, ਗ੍ਰਾਮ ਪੰਚਾਇਤ ਵਲੋਂ ਅਧਿਆਪਕ ਜਗਤਾਰ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਅਧਿਆਪਕ ਸੇਧ ਲੈਣ : ਮਾਮਲੇ ਬਾਰੇ ਸਮਾਜ ਸੇਵੀ ਸੰਸਥਾ 'ਹਾਅ ਦਾ ਨਾਅਰਾ' ਦੇ ਜ਼ਿਲਾ ਪ੍ਰਧਾਨ ਕਿਸਾਨ ਸੈੱਲ ਫਤਿਹਗੜ੍ਹ ਸਾਹਿਬ ਗੋਪਾਲ ਸਿੰਘ ਮਾਂਗਟ ਨੇ ਕਿਹਾ ਕਿ ਅਧਿਆਪਕ ਦਾ ਉਕਤ ਉਪਰਾਲਾ ਹੋਰਨਾਂ ਸਰਕਾਰੀ ਸਕੂਲ ਅਧਿਆਪਕਾਂ ਨੂੰ ਵੀ ਸਿੱਖਿਆ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ ਹੈ ਜੇਕਰ ਸਾਰੇ ਸਰਕਾਰੀ ਸਕੂਲ ਅਧਿਆਪਕ ਅਜਿਹੇ ਉਪਰਾਲੇ ਕਰਨ ਤਾਂ ਜਿਥੇ ਵਿੱਦਿਆ ਦਾ ਮਿਆਰ ਉੱਚਾ ਹੋਵੇਗਾ, ਉਥੇ ਹੀ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਵੇਗਾ। ਸਸਤੀ ਤੇ ਮਿਆਰੀ ਸਿੱਖਿਆ ਮਿਲਣ 'ਤੇ ਮਾਪੇ ਇਨ੍ਹਾਂ ਸਕੂਲਾਂ ਦਾ ਰੁਖ਼ ਕਰਨਗੇ ਤੇ ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾਂਦੀ ਕਥਿਤ ਲੁੱਟ ਤੋਂ ਬਚਾਅ ਹੋਵੇਗਾ।


Related News