150 ਸਾਲ ਪੁਰਾਣਾ ਪੁਲ ਅਜੇ ਵੀ ਕਾਇਮ, 14 ਸਾਲ ਪਹਿਲਾਂ ਬਣਿਆ ਖਸਤਾ ਹੋਣ ਲੱਗਾ

Sunday, Jul 22, 2018 - 06:54 AM (IST)

150 ਸਾਲ ਪੁਰਾਣਾ ਪੁਲ ਅਜੇ ਵੀ ਕਾਇਮ, 14 ਸਾਲ ਪਹਿਲਾਂ ਬਣਿਆ ਖਸਤਾ ਹੋਣ ਲੱਗਾ

ਮਾਛੀਵਾਡ਼ਾ ਸਾਹਿਬ,   (ਟੱਕਰ, ਸਚਦੇਵਾ)-  ਅੰਗਰੇਜ਼ਾਂ ਵਲੋਂ 150 ਸਾਲ ਪਹਿਲਾਂ ਸਰਹਿੰਦ ਨਹਿਰ ’ਤੇ ਚੂਨੇ ਨਾਲ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਇਹ ਪੁਲ ਅਜੇ ਵੀ ਪੂਰੀ ਤਰ੍ਹਾਂ ਕਾਇਮ ਹੈ, ਜਦਕਿ ਪੰਜਾਬ ਸਰਕਾਰ ਵਲੋਂ 14 ਸਾਲ ਪਹਿਲਾਂ ਉਸਦੇ ਨਾਲ ਹੀ ਇਕ ਹੋਰ ਚੌਡ਼ਾ ਪੁਲ ਬਣਾਇਆ ਗਿਆ ਸੀ, ਜੋ  ਖਸਤਾ ਹੋਣਾ ਸ਼ੁਰੂ ਹੋ ਗਿਅਾ ਹੈ ਤੇ ਇਹ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾ ਰਿਹਾ ਹੈ।
ਜਾਣਕਾਰੀ ਅਨੁਸਾਰ ਖੰਨਾ-ਨਵਾਂਸ਼ਹਿਰ ਦੀ ਮੇਨ ਸਡ਼ਕ ਨੂੰ ਜੋਡ਼ਨ ਵਾਸਤੇ ਜਿੱਥੇ ਪੰਜਾਬ ਸਰਕਾਰ ਵਲੋਂ ਸਤਲੁਜ ਦਰਿਆ ’ਤੇ ਵੱਡੇ ਪੁਲ ਦੀ ਉਸਾਰੀ ਕਰਵਾਈ ਗਈ ਸੀ, ਉਥੇ ਹੀ ਟ੍ਰੈਫਿਕ ਵਧਣ ਦੇ ਮੱਦੇਨਜ਼ਰ ਸਰਹਿੰਦ ਨਹਿਰ ’ਤੇ ਵੀ ਅੰਗਰੇਜ਼ਾਂ ਵਲੋਂ ਬਣਾਏ ਪੁਲ ਦੇ ਨਾਲ ਹੀ ਇਕ ਚੌਡ਼ੇ ਪੁਲ ਦੀ ਉਸਾਰੀ ਕਰਵਾਈ ਗਈ ਸੀ, ਜਿਸਦਾ ਨੀਂਹ ਪੱਥਰ 14 ਅਪ੍ਰੈਲ 2002 ਨੂੰ ਉਸ ਸਮੇਂ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪ੍ਰਤਾਪ ਸਿੰਘ ਬਾਜਵਾ ਵਲੋਂ ਰੱਖਿਆ ਗਿਆ। ਇਸ ਪੁਲ ਨੂੰ ਬਣਿਅਾਂ ਅਜੇ 14 ਸਾਲ ਹੀ ਹੋਏ ਹਨ, ਜਿਸ ਦੌਰਾਨ ਇਸ ਦੀਆਂ ਇਕ-ਦੋ ਵਾਰ ਪਹਿਲਾਂ ਵੀ ਸਲੈਬਾਂ ਟੁੱਟ ਚੁੱਕੀਆਂ ਹਨ। ਇਸ ਨੂੰ ਵਿਭਾਗ ਵਲੋਂ ਲੀਪਾ-ਪੋਚੀ ਵਾਲੇ ਢੰਗ ਨਾਲ ਠੀਕ ਕਰਕੇ ਕੰਮ ਚਲਦਾ ਕਰ ਦਿੱਤਾ ਗਿਆ ਸੀ ਪਰ ਇਸ ਸਾਰੇ ਪੁਲ ਦੀ ਹਾਲਤ ਦਿਨੋ-ਦਿਨ ਖਸਤਾ ਹੁੰਦੀ ਜਾ ਰਹੀ ਹੈ ਤੇ ਪੁਲ ਦੇ ਦੋਵੇਂ ਪਾਸੇ   ਪੱਕੇ ਰੱਖਣ ਲਈ ਵਿਭਾਗ ਵਲੋਂ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਦੋਵੇਂ ਪਾਸਿਓਂ ਮਿੱਟੀ ਖੁਰ ਕੇ ਵੱਡੀਆਂ ਦਰਾਰਾਂ ਬਣ ਰਹੀਆਂ ਹਨ।
ਜੇਕਰ ਇਨ੍ਹਾਂ ਨੂੰ ਸਮਾਂ ਰਹਿੰਦਿਆਂ ਠੀਕ ਨਾ ਕੀਤਾ ਗਿਆ ਤਾਂ ਪੁਲ ਕਦੇ ਵੀ ਭਾਰੀ ਬਾਰਿਸ਼ ਤੇ ਨਹਿਰ ਵਿਚ ਵਧੇ ਪਾਣੀ ਕਾਰਨ  ਡਿਗ ਸਕਦਾ ਹੈ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।  ਪੁਲ ਦੇ ਦੋਵੇਂ ਪਾਸੇ ਪੈਦਲ ਯਾਤਰੀਆਂ ਲਈ ਬਣਾਏ ਗਏ ਛੋਟੇ ਰਸਤਿਆਂ ਦੀ ਵੀ ਹਾਲਤ ਖਸਤਾ ਹੈ।  ਸਾਰੇ ਪੁਲ ’ਚ ਹੀ ਤਰੇਡ਼ਾਂ  ਦਿਖਾਈ ਦੇ ਰਹੀਆਂ ਹਨ, ਜਦਕਿ ਇਸ ਪੁਲ ਦੇ ਨਾਲ ਹੀ ਕੁਝ ਦੂਰੀ ’ਤੇ 1857 ਦੇ ਕਰੀਬ ਅੰਗਰੇਜ਼ ਸਰਕਾਰ ਵਲੋਂ ਬਣਾਏ ਗਏ ਪੁਲ ਦੀ ਕਾਮਯਾਬੀ ਆਪਣੀ ਹਾਲਤ ਆਪ ਕਹਿ ਰਹੀ ਹੈ। ਇਹ ਪੁਰਾਣਾ ਪੁਲ ਉਸ ਸਮੇਂ ਦੀ ਤਕਨੀਕ ਅਨੁਸਾਰ ਡਾਟਾਂ ਲਾ ਕੇ ਬਣਾਇਆ ਗਿਆ ਹੈ ਤੇ ਇਸ ਵਿਚ ਵਰਤੀ ਗਈ ਸਮੱਗਰੀ ਹੀ ਦੱਸ ਰਹੀ ਹੈ ਕਿ ਪੂਰੀ ਈਮਾਨਦਾਰੀ ਨਾਲ ਪੁਲ ਦਾ ਨਿਰਮਾਣ ਕਰਵਾਇਆ ਹੋਇਆ ਹੈ। 
ਅੰਗਰੇਜ਼ਾਂ ਵਲੋਂ ਬਣਾਏ ਗਏ ਇਸ ਪੁਲ ਦੇ ਦੋਵੇਂ  ਕੰਢੇ ਪਾਣੀ ਦੇ ਤੇਜ਼ ਵਹਾਅ ਤੋਂ ਖੁਰਨ ਤੋਂ ਰੋਕਣ ਲਈ ਚੌਡ਼ੇ ਪੱਕੇ ਚੌਂਤਰੇ ਬਣਾਏ ਗਏ ਹਨ, ਜਿਹਡ਼ੇ ਕਿ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਨੂੰ ਰੋਕ ਕੇ ਪਾਣੀ ਦੀ ਗਤੀ ਘੱਟ ਕਰ  ਕੇ ਪਾਣੀ ਦੇ ਪੁਲ ਥੱਲਿਓਂ ਗੁਜ਼ਰਨ ਵਿਚ ਸਹਾਈ ਹੁੰਦੀ ਹੈ, ਜਦਕਿ ਇਹ ਤਕਨੀਕ ਲੋਕ ਨਿਰਮਾਣ ਵਿਭਾਗ ਵਲੋਂ ਬਣਾਏ ਗਏ ਪੁਲ ਲਈ ਨਹੀਂ ਵਰਤੀ ਗਈ। ਪਤਾ ਨਹੀਂ ਇਹ ਤਕਨੀਕ ਬਾਰੇ ਵਿਭਾਗ ਦੇ ਅਧਿਕਾਰੀਆਂ ਦਾ ਹੀ ਧਿਆਨ ਨਹੀਂ ਗਿਆ ਜਾਂ ਉਨ੍ਹਾਂ ਨੇ ਜਾਣਬੁਝ ਕੇ ਇਸਨੂੰ ਅੱਖੋਂ-ਪਰੋਖੇ ਕਰ ਦਿੱਤਾ ਪਰ ਅੱਜ ਦੇ ਸਮੇਂ ਅਨੁਸਾਰ ਹਾਲਾਤ ਇਹ ਬਣ ਗਏ ਹਨ ਕਿ ਇਹ ਪੁਲ ਜ਼ਿਆਦਾ ਸਮਾਂ ਨਹੀਂ ਚੱਲੇਗਾ ਤੇ ਜੇਕਰ ਵਿਭਾਗ ਵਲੋਂ ਸਮੇਂ ਤੋਂ ਪਹਿਲਾਂ ਇਸਦੀ ਪੁਖਤਾ ਮੁਰੰਮਤ ਨਾ ਕਰਵਾਈ ਗਈ ਤਾਂ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। 
ਕੀ ਕਹਿਣਾ ਹੈ ਅਧਿਕਾਰੀ ਦਾ
ਜਦੋਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਵਿਭਾਗ ਦੇ ਐੱਸ. ਡੀ. ਓ. ਨੂੰ ਭੇਜ ਕੇ ਗਡ਼੍ਹੀ ਪੁਲ ਦਾ ਮੌਕਾ ਦੇਖਣਗੇ ਤੇ ਜੇਕਰ ਪੁਲ ਦੀ ਮੁਰੰਮਤ ਕਰਵਾਉਣ ਦੀ ਜ਼ਰੂਰਤ ਹੋਈ ਤਾਂ ਉਸ ਨੂੰ ਤੁਰੰਤ ਕਰਵਾ ਦਿੱਤਾ ਜਾਵੇਗਾ।
 


Related News