ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਸਰਕਾਰ ਨੇ ਭ੍ਰਿਸ਼ਟਾਚਾਰ ''ਤੇ ਲਗਾਈ ਲਗਾਮ: ਸ਼ੇਖਾਵਤ
Saturday, Jun 10, 2017 - 06:44 PM (IST)
ਜਲਾਲਾਬਾਦ(ਸੇਤੀਆ)— ਭਾਜਪਾ ਦੇ ਸੰਸਥਾਪਕ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੇ ਜਨਮ ਸ਼ਤਾਬਦੀ ਅਤੇ ਨਰਿੰਦਰ ਮੋਦੀ ਸਰਕਾਰ ਦੇ 3 ਸਾਲ ਪੂਰੇ ਹੋਣ ਅਤੇ ਸਬਕਾ ਸਾਥ ਅਤੇ ਸਬਕਾ ਵਿਕਾਸ ਪ੍ਰੋਗਰਾਮ ਦੇ ਤਹਿਤ ਮੈਂਬਰ ਪਾਰਲੀਮੈਂਟ ਜੋਧਪੁਰ ਗਜਿੰਦਰਾ ਸਿੰਘ ਸ਼ੇਖਾਵਤ ਇੰਚਾਰਜ ਜਿਲਾ ਫਾਜ਼ਿਲਕਾ ਵਿਸ਼ੇਸ਼ ਸ਼ਨੀਵਾਰ ਨੂੰ ਸਥਾਨਕ ਕੇ. ਸੀ. ਰਾਈਸ ਮਿੱਲ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ, ਜਿਲਾ ਯੋਜਨਾ ਬੋਰਡ ਪ੍ਰੇਮ ਵਲੇਚਾ, ਅਨਿਲ ਵਲੇਚਾ ਸੂਬਾ ਇਨਵਾਈਟੀ ਮੈਂਬਰ ਬੀਜੇਪੀ, ਰਮਨ ਵਲੇਚਾ, ਭਾਜਪਾ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਲਾਲ ਵਧਵਾ, ਬਿਮਲ ਭਠੇਜਾ ਆਦਿ ਮੌਜੂਦ ਸਨ।
ਅਨਿਲ ਵਲੇਚਾ ਦੇ ਵਪਾਰਕ ਦਫਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਵੱਖ-ਵੱਖ ਸੂਬਿਆਂ ਦੇ ਮੈਂਬਰ ਪਾਰਲੀਮੈਂਟ ਅਤੇ ਹੋਰ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਹਨ ਕਿ ਤੁਸੀਂ ਵੱਖ-ਵੱਖ ਸੂਬਿਆਂ 'ਚ ਵਰਕਰਾਂ ਨਾਲ ਅਤੇ ਆਮ ਲੋਕਾਂ ਨਾਲ ਤਾਲਮੇਲ ਕਰੋ ਤਾਂਕਿ ਜਿਹੜੇ ਕੰਮ ਰਹਿੰਦੇ ਹਨ ਅਤੇ ਜੋ ਜਨਤਾ ਦੀ ਜ਼ਰੂਰਤ ਹੈ ਉਸ ਨੂੰ ਜਲਦੀ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਵਰਕਰਾਂ ਦਾ ਉਤਸ਼ਾਹ ਵਧਾਇਆ ਜਾਵੇ। ਖਾਣ-ਪੀਣ ਦੀਆਂ ਵਸਤੂਆਂ ਅਤੇ ਜੀ. ਐੱਸ. ਟੀ ਨੂੰ 0 ਫੀਸਦੀ 'ਚ ਲਿਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲਗਭਗ ਦੇਸ਼ 'ਚ 30 ਸੂਬੇ ਹਨ ਅਤੇ ਪਹਿਲਾਂ ਸੂਬੇ 'ਚ ਵੱਖ-ਵੱਖ ਟੈਕਸਾਂ ਦੀ ਪ੍ਰਕਿਰਿਆ ਸੀ ਪਰ ਹੁਣ ਜੀ. ਐੱਸ. ਟੀ. ਲਾਗੂ ਹੋਣ ਨਾਲ ਹਰ ਚੀਜ਼ 'ਤੇ ਇਕਸਾਰ ਟੈਕਸ ਲਾਗੂ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਹਰੇਕ ਸੂਬੇ ਦੇ ਰਾਜਨੀਤਿਕਾਂ, ਅਧਿਕਾਰੀਆਂ ਅਤੇ ਹੋਰ ਮਾਹਿਰਾਂ ਨਾਲ ਸਲਾਹ ਕਰਕੇ ਹੀ ਉਕਤ ਚੀਜ਼ਾਂ 'ਤੇ ਟੈਕਸ ਦੀ ਪ੍ਰਕਿਰਿਆ ਲਾਗੂ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਦੀ ਅਗੁਵਾਈ ਵਾਲੀ ਸਰਕਾਰ 'ਚ ਭ੍ਰਿਸ਼ਟਾਚਾਰ 'ਤੇ ਲਗਾਮ ਲੱਗੀ ਹੈ ਅਤੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ 'ਤੇ ਕੋਈ ਭ੍ਰਿਸ਼ਟਾਚਾਰ ਦਾ ਕਲੰਕ ਨਹੀਂ ਲੱਗਿਆ। ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਹਿਮ ਰੋਲ ਹੈ ਜਦਕਿ ਪਿਛਲੀ ਸਰਕਾਰ ਸਮੇਂ ਭ੍ਰਿਸ਼ਟਾਚਾਰ ਦੀਆਂ ਹੱਦਾਂ ਟੱਪ ਚੁੱਕੀਆਂ ਸਨ ਅਤੇ ਨਤੀਜਾ ਆਖਿਰਕਾਰ ਜਨਤਾ ਨੇ ਭਾਜਪਾ ਨੂੰ ਦੇਸ਼ ਦੀ ਨੁਮਾਇੰਦਗੀ ਦਿੱਤੀ ਅਤੇ ਕਾਂਗਰਸ ਨੂੰ ਬਾਹਰ ਦਾ ਰਸਤਾ ਦਿਖਾਇਆ। ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਅਗੁਵਾਈ ਹੇਠ ਭਾਜਪਾ 2019 ਦੀਆਂ ਲੋਕਸਭਾ ਚੋਣਾਂ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਲੈ ਕੇ ਸੱਤਾ 'ਚ ਆਵੇਗੀ।
