ਖਿਡਾਰੀਆਂ ਤੇ ਜਿੰਮ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

Thursday, Dec 25, 2025 - 09:59 AM (IST)

ਖਿਡਾਰੀਆਂ ਤੇ ਜਿੰਮ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ (ਅੰਕੁਰ) : ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਸੂਬੇ ਭਰ ’ਚ 1,350 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ 3,100 ਸਟੇਡੀਅਮਾਂ ਦਾ ਕੰਮ ਜੂਨ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਵੱਲੋਂ ਇਕ ਵਿਆਪਕ ਪੈਕੇਜ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ’ਚ ਕਰੀਬ 3,000 ਥਾਵਾਂ 'ਤੇ ਅਤਿ-ਆਧੁਨਿਕ ਜਿੰਮ ਸਥਾਪਿਤ ਕਰਨਾ, 50 ਕਰੋੜ ਰੁਪਏ ਦੀ ਲਾਗਤ ਨਾਲ 17,000 ਖੇਡ ਕਿੱਟਾਂ ਦੀ ਵੰਡ, ਇੱਕ ਵਿਆਪਕ ਖੇਡ ਪੋਰਟਲ ਦੀ ਸ਼ੁਰੂਆਤ ਅਤੇ 43 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਯੁਵਾ ਭਵਨ ਦੀ ਉਸਾਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ 2023 ਮੁਤਾਬਕ ਸੂਬੇ ਭਰ ਦੇ ਪਿੰਡਾਂ ’ਚ ਇਹ ਸਟੇਡੀਅਮ ਬਣਾਏ ਜਾ ਰਹੇ ਹਨ। ਇਨ੍ਹਾਂ ਸਟੇਡੀਅਮਾਂ 'ਤੇ 1350 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿਨ੍ਹਾਂ ’ਚ ਵਾੜ, ਗੇਟ, ਜੌਗਿੰਗ ਟਰੈਕ, ਪੱਧਰਾ ਖੇਡ ਦਾ ਮੈਦਾਨ, ਰੁੱਖ, ਵਾਲੀਬਾਲ ਕੋਰਟ, ਸਟੋਰ ਤੇ ਹੋਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੇਡੀਅਮਾਂ ਦਾ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ ਤੇ ਨਾਲ ਹੀ ਹਰ ਹਾਲਾਤ ’ਚ ਕੰਮਾਂ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਸੂਬੇ ਭਰ ’ਚ ਕਰੀਬ 3000 ਥਾਵਾਂ 'ਤੇ ਅਤਿ ਆਧੁਨਿਕ ਜਿੰਮ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਅਧੀਨ ਸੂਬੇ ਭਰ ’ਚ 1000 ਥਾਵਾਂ 'ਤੇ 35 ਕਰੋੜ ਰੁਪਏ ਦੀ ਲਾਗਤ ਨਾਲ ਅਜਿਹੇ ਅਤਿ-ਆਧੁਨਿਕ ਜਿੰਮ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਜਿੰਮਾਂ ’ਚ ਬਾਰਬੈਲ, ਵੇਟ ਲਿਫਟਿੰਗ ਸੈੱਟ, ਬੈਂਚ, ਡੰਬਲ ਸੈੱਟ, ਕੇਟਲਬੈਲ ਸੈੱਟ, ਰੈਕ, ਫਲੋਰ ਮੈਟ ਤੇ ਹੋਰ ਬਹੁਤ ਸਾਰੇ ਅਤਿ-ਆਧੁਨਿਕ ਉਪਕਰਨ ਸ਼ਾਮਲ ਹੋਣਗੇ। ਸਰਕਾਰ ਵੱਲੋਂ 50 ਕਰੋੜ ਰੁਪਏ ਦੀ ਲਾਗਤ ਨਾਲ ਖਿਡਾਰੀਆਂ ਨੂੰ 17000 ਖੇਡ ਕਿੱਟਾਂ ਵੰਡੀਆਂ ਜਾਣਗੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ 31 ਮਾਰਚ ਤੱਕ ਪਿੰਡਾਂ ’ਚ 5600 ਖੇਡ ਕਿੱਟਾਂ ਵੰਡਣ ਦੇ ਨਿਰਦੇਸ਼ ਦਿੱਤੇ। ਵਿਭਾਗ ਵੱਲੋਂ ਇੱਕ ਵਿਆਪਕ ਖੇਡ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ। ਖੇਡ ਪ੍ਰੇਮੀ ਅਤੇ ਖਿਡਾਰੀ ਇਕ ਕਲਿੱਕ 'ਤੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ, ਆਨਲਾਈਨ ਗ੍ਰੇਡੇਸ਼ਨ, ਆਨਲਾਈਨ ਡੀ. ਬੀ. ਟੀ., ਖੇਡ ਸਮਾਗਮ ਕਰਵਾਉਣ, ਗਰਾਊਂਡ ਰਿਜ਼ਰਵੇਸ਼ਨ, ਈ-ਸਰਟੀਫਿਕੇਟ, ਨਤੀਜੇ ਰਿਕਾਰਡ ਕਰਨ, ਪੈਨਸ਼ਨ/ਵਜ਼ੀਫ਼ੇ ਅਤੇ ਹੋਰ ਸਹੂਲਤਾਂ ਪ੍ਰਾਪਤ ਕਰ ਸਕਣਗੇ।

ਇਹ ਵੀ ਪੜ੍ਹੋ : Year Ender 2025 : ਪੰਜਾਬੀਆਂ ਦੇ ਪੱਲੇ ਪਿਆ ਉਮਰਾਂ ਦਾ ਰੋਣਾ, ਵੱਡੀਆਂ ਘਟਨਾਵਾਂ ਨੇ ਛੇੜਿਆ ਕਾਂਬਾ (ਤਸਵੀਰਾਂ)
10,000 ਨੌਜਵਾਨਾਂ ਲਈ ਸੂਬੇ ਦੇ 9 ਜੰਗਲੀ ਖੇਤਰਾਂ ’ਚ ਟ੍ਰੈਕਿੰਗ, ਐਡਵੈਂਚਰ, ਟੀਮ ਐਕਟੀਵਿਟੀ ਕੈਂਪ ਵੀ ਲਾਏ ਜਾਣਗੇ। 43 ਕਰੋੜ ਰੁਪਏ ਦੀ ਲਾਗਤ ਨਾਲ ਸੈਕਟਰ 42-ਏ ਵਿਖੇ ਇਕ ਨਵਾਂ ਯੁਵਾ ਭਵਨ ਬਣਾਇਆ ਜਾਵੇਗਾ। ਇਸ ’ਚ 200 ਨੌਜਵਾਨਾਂ ਲਈ ਹੋਸਟਲ ਸਹੂਲਤਾਂ, 400 ਵਿਅਕਤੀਆਂ ਦੀ ਸਮਰੱਥਾ ਵਾਲਾ ਆਡੀਟੋਰੀਅਮ, ਇਕ ਕਾਨਫਰੰਸ ਹਾਲ, ਸੈਮੀਨਾਰ ਰੂਮ ਤੇ ਹੋਰ ਸਹੂਲਤਾਂ ਉਪਲੱਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਡ ਨੀਤੀ 2023 ਪੇਸ਼ ਕੀਤੀ ਤੇ ਬਜਟ ਨੂੰ ਸਾਲ 2023-2024 ’ਚ 350 ਕਰੋੜ ਰੁਪਏ ਤੋਂ ਵਧਾ ਕੇ ਸਾਲ 2024-25 ਲਈ 1000 ਕਰੋੜ ਰੁਪਏ ਕਰ ਦਿੱਤਾ। ਮੋਹਾਲੀ, ਬਠਿੰਡਾ ਤੇ ਲੁਧਿਆਣਾ ਵਿਖੇ 10.50 ਕਰੋੜ ਰੁਪਏ ਦੀ ਲਾਗਤ ਨਾਲ ਹਾਕੀ ਟਰਫਾਂ ਨੂੰ ਬਦਲਿਆ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਭਾਰਤੀ ਹਾਕੀ ਫੈਡਰੇਸ਼ਨ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਮੋਹਾਲੀ ਸਪੋਰਟਸ ਸਟੇਡੀਅਮ ਸੈਕਟਰ 78 ’ਚ 9 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਸਿੰਥੈਟਿਕ ਟਰੈਕ ਦਾ ਕੰਮ ਮਾਰਚ, 2026 ਤੱਕ ਮੁਕੰਮਲ ਕਰਨ ਲਈ ਵੀ ਕਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News