ਐੱਨ. ਆਈ. ਏ. ਨੇ ਕੈਨੇਡੀਅਨ, ਸ਼ੇਰਾ ਸਮੇਤ ਜਿੰਮੀ ਨੂੰ ਵੀ ਕੀਤਾ ਅਦਾਲਤ ਵਿਚ ਪੇਸ਼

12/22/2017 9:47:19 AM

ਮੋਹਾਲੀ (ਕੁਲਦੀਪ)-ਪੰਜਾਬ ਵਿਚ ਟਾਰਗੈੱਟ ਕਿਲਿੰਗ ਦੇ ਕੇਸਾਂ ਦੀ ਜਾਂਚ ਕਰ ਰਹੀ ਐੱਨ. ਆਈ. ਏ. ਵਲੋਂ ਰਿਮਾਂਡ 'ਤੇ ਚੱਲ ਰਹੇ ਮੁਲਜ਼ਮਾਂ ਕੋਲੋਂ ਅਹਿਮ ਖੁਲਾਸੇ ਹੋ ਰਹੇ ਹਨ। ਏਜੰਸੀ ਨੂੰ ਪੁੱਛਗਿੱਛ ਵਿਚ ਪਤਾ ਲੱਗਿਆ ਹੈ ਕਿ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਹਰਮੀਤ ਸਿੰਘ ਉਰਫ ਪੀ. ਐੱਚ. ਡੀ. ਦਾ ਵੀ ਹੱਥ ਹੈ, ਜੋ ਕਿ ਇਸ ਸਮੇਂ ਪਾਕਿਸਤਾਨ ਵਿਚ ਬੈਠਾ ਹੈ। ਪਤਾ ਲੱਗਿਆ ਹੈ ਕਿ ਏਜੰਸੀ ਹੁਣ ਹਰਮੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਦੀ ਮਦਦ ਲਵੇਗੀ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਵੀ ਕਰਵਾਇਆ ਜਾਵੇਗਾ। 
ਅੱਜ ਐੱਨ. ਆਈ. ਏ. ਵਲੋਂ ਮੁਲਜ਼ਮਾਂ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਕੈਨੇਡੀਅਨ ਦੇ ਨਾਲ-ਨਾਲ ਇਕ ਹੋਰ ਮੁਲਜ਼ਮ ਤਲਵਿੰਦਰ ਸਿੰਘ ਉਰਫ ਜਿੰਮੀ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ 3 ਮੁਲਜ਼ਮਾਂ ਨੂੰ 5 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਜਿੰਮੀ ਯੂ. ਕੇ. ਦਾ ਨਾਗਰਿਕ ਹੈ, ਜਿਸ ਨੂੰ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਟਾਰਗੈੱਟ ਕਿਲਿੰਗ ਲਈ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ ਉਸ ਨੇ ਕੈਨੇਡੀਅਨ ਅਤੇ ਸ਼ੇਰਾ ਨੂੰ ਦੁਬਈ ਵਿਚ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੱਤੀ ਸੀ। 
ਪ੍ਰਾਪਤ ਜਾਣਕਾਰੀ ਮੁਤਾਬਕ ਜਿੰਮੀ ਨੂੰ ਪਿਛਲੇ ਸਾਲ ਜਨਵਰੀ ਮਹੀਨੇ ਵਿਚ ਲੁਧਿਆਣਾ ਦੇ ਸ਼ਹੀਦਾਂ ਪਾਰਕ ਨਜ਼ਦੀਕ ਆਰ. ਐੱਸ. ਐੱਸ. ਵਰਕਰ ਨਰੇਸ਼ ਕੁਮਾਰ 'ਤੇ ਕਾਤਲਾਨਾ ਹਮਲਾ ਕਰਨ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ।   ਸ਼ੇਰਾ ਅਤੇ ਕੈਨੇਡੀਅਨ ਨੂੰ ਇਸ ਸਾਲ ਜਨਵਰੀ ਮਹੀਨੇ ਵਿਚ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਕੋਲ ਹਿੰਦੂ ਨੇਤਾ ਅਮਿਤ ਸ਼ਰਮਾ ਦੇ ਕਤਲ ਕੇਸ ਵਿਚ ਵੀ ਨਾਮਜ਼ਦ ਕੀਤਾ ਗਿਆ ਸੀ।


Related News