ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਬਣੇ ਕਾਨੂੰਨ
Tuesday, Mar 27, 2018 - 04:53 AM (IST)

ਸੰਗਰੂਰ/ਸੰਦੌੜ (ਬੇਦੀ/ਰਿਖੀ)— 12 ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਮੱਧ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਵੱਲੋਂ ਬਣਾਏ ਕਾਨੂੰਨ ਦੀ ਸ਼ਲਾਘਾ ਕਰਦਿਆਂ 'ਜਗ ਬਾਣੀ' ਵੱਲੋਂ ਔਰਤਾਂ ਦੀ ਰੱਖਿਆ ਲਈ ਚਲਾਏ 'ਮਹਾ ਅਭਿਆਨ' ਨਾਲ ਜੁੜ ਕੇ ਸਮਾਜ ਸੇਵਾ 'ਚ ਵਧ-ਚੜ੍ਹ ਕੇ ਕੰਮ ਕਰਨ ਵਾਲੀ ਐੈੱਨ. ਜੀ. ਓ. ਰੌਸ਼ਨੀ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ 'ਇਕ ਲੱਖ ਦਸਤਖਤ' ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ । ਇਸੇ ਤਹਿਤ ਸੋਮਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਵਿਖੇ ਬੱਚੀਆਂ ਦੀ ਰੱਖਿਆ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਰੈਲੀ ਕੱਢ ਕੇ ਇਸ ਕਾਨੂੰਨ ਦੀ ਮੰਗ ਕੀਤੀ ਗਈ । ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਅਮਰਜੀਤ ਕੌਰ ਨੇ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ 'ਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਅਤੇ ਸਕੂਲ ਵਿਚ ਵੀ ਵਿੱਦਿਅਕ ਪ੍ਰਾਪਤੀਆਂ ਦੀ ਜੇਕਰ ਗੱਲ ਕਰੀਏ ਤਾਂ ਲੜਕੀਆਂ ਲੜਕਿਆਂ ਨਾਲੋਂ ਵਧ ਨੰਬਰ ਪ੍ਰਾਪਤ ਕਰਦੀਆਂ ਹਨ ਅਤੇ ਮਾਂ-ਬਾਪ ਦਾ ਨਾਂ ਰੌਸ਼ਨ ਕਰਦੀਆਂ ਹਨ। ਸਾਰੇ ਮਾਪੇ ਆਪਣੀਆਂ ਬੱਚੀਆਂ ਨੂੰ ਚੰਗੀ ਸਿੱਖਿਆ ਲਈ ਹਰ ਵਾਹ ਲਾਉਂਦੇ ਹਨ ਪਰ ਸਮਾਜ ਦਾ ਮਾਹੌਲ ਔਰਤਾਂ ਦੀ ਸੁਰੱਖਿਆ ਸਬੰਧੀ ਦਿਨੋ-ਦਿਨ ਵਿਗੜ ਰਿਹਾ ਹੈ। ਆਏ ਦਿਨ ਬੱਚੀਆਂ 'ਤੇ ਹਮਲੇ ਹੋ ਰਹੇ ਹਨ। ਅਜਿਹੇ 'ਚ ਮਾਪਿਆਂ ਦੀ ਚਿੰਤਾ ਵਧ ਜਾਂਦੀ ਹੈ। ਸਰਕਾਰ ਨੂੰ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੇਣ ਵਰਗਾ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ । ਇਸ ਮੌਕੇ ਮਾ. ਬਲਵੀਰ ਸਿੰਘ, ਸੁਖਵਿੰਦਰ ਸਿੰਘ ਰਾਏ, ਰਾਜੇਸ਼ ਰਿਖੀ, ਮੈਡਮ ਆਸ਼ਾ ਰਾਣੀ, ਮੈਡਮ ਅਮਨਦੀਪ ਕੌਰ ਸਮੇਤ ਕਈ ਹਾਜ਼ਰ ਸਨ।
''ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਵਿਚ ਵੀ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੇਣ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ। ਇਸ ਸਬੰਧ 'ਚ ਟੀਮ ਰੌਸ਼ਨੀ ਜਿਥੇ ਸਕੂਲਾਂ 'ਚ ਜਾ ਕੇ ਇਸ ਅਭਿਆਨ ਨਾਲ ਜੁੜਨ ਲਈ ਸੁਨੇਹਾ ਦੇਵੇਗੀ ਉਥੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕਰੇਗੀ। ਜਬਰ-ਜ਼ਨਾਹੀਆਂ ਲਈ ਸਰਕਾਰ ਤੋਂ ਮੌਤ ਦੀ ਸਜ਼ਾ ਦੀ ਮੰਗ ਕਰਦਾ ਇਕ ਲੱਖ ਦਸਤਖਤਾਂ ਵਾਲਾ ਇਕ ਪੱਤਰ ਵੀ ਤਿਆਰ ਕੀਤਾ ਜਾਵੇਗਾ।
— ਜਗਜੀਤਪਾਲ ਸਿੰਘ ਘਨੌਰੀ ਸੰਚਾਲਕ ਟੀਮ ਰੌਸ਼ਨੀ, ਮਾ. ਮਹਿੰਦਰ ਪ੍ਰਤਾਪ ਮੈਂਬਰ ਰੌਸ਼ਨੀ