ਚਾਬੀ ਬਣਾਉਣ ਵਾਲੇ ਨੇ ਕੀਤਾ ਹੱਥ ਸਾਫ
Tuesday, Aug 22, 2017 - 05:43 AM (IST)

ਲੁਧਿਆਣਾ, (ਪੰਕਜ)- ਦੁੱਗਰੀ ਫੇਸ-1 ਸਥਿਤ ਲੋਹਾ ਵਪਾਰੀ ਦੇ ਘਰ ਚਾਬੀ ਬਣਾਉਣ ਪੁੱਜੇ ਨੌਸਰਬਾਜ਼ ਨੇ ਬਜ਼ੁਰਗ ਨੂੰ ਧੋਖਾ ਦੇ ਕੇ ਅਲਮਾਰੀ ਵਿਚ ਪਏ ਡਾਲਰ ਅਤੇ ਭਾਰਤੀ ਕਰੰਸੀ 'ਤੇ ਹੱਥ ਸਾਫ ਕਰ ਦਿੱਤਾ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼ਾਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਗਿੱਲ ਰੋਡ 'ਤੇ ਲੋਹੇ ਦੀ ਦੁਕਾਨ ਹੈ। ਸੋਮਵਾਰ ਦੁਪਹਿਰ ਘਰ ਵਿਚ ਉਹ ਅਤੇ ਉਸ ਦੀ ਪਤਨੀ ਇਕੱਲੇ ਸਨ। ਇਸ ਦੌਰਾਨ ਉਸ ਦੀ ਪਤਨੀ ਗੁਆਂਢ ਵਿਚ ਗਈ ਅਤੇ ਉਹ ਗੇਟ 'ਤੇ ਖੜ੍ਹਾ ਸੀ ਕਿ ਗਲੀ ਵਿਚ ਚਾਬੀਆਂ ਬਣਾਉਣ ਵਾਲਾ ਆ ਗਿਆ, ਜਿਸ 'ਤੇ ਉਸ ਨੇ ਉਸ ਨੂੰ ਮੇਨ ਗੇਟ ਦੀ ਚਾਬੀ ਠੀਕ ਕਰਨ ਲਈ ਕਿਹਾ। ਥੋੜ੍ਹੀ ਦੇਰ ਬਾਅਦ ਉਕਤ ਵਿਅਕਤੀ ਨੇ ਬਜ਼ੁਰਗ ਤੋਂ ਇਕ ਲੰਬੀ ਚਾਬੀ ਦੀ ਮੰਗ ਕੀਤੀ ਤਾਂ ਉਹ ਅੰਦਰੋਂ ਅਲਮਾਰੀ ਦੀ ਚਾਬੀ ਲੈ ਆਇਆ। ਚਾਬੀਆਂ ਠੀਕ ਕਰਨ ਤੋਂ ਬਾਅਦ ਉਕਤ ਵਿਅਕਤੀ ਨੇ ਬਜ਼ੁਰਗ ਨੂੰ ਕਿਹਾ ਕਿ ਅਲਮਾਰੀ ਦੀ ਚਾਬੀ 'ਚ ਤੇਲ ਲਾ ਦਿੱਤਾ ਹੈ, ਇਸ ਨੂੰ ਥੋੜ੍ਹੀ ਦੇਰ ਅਲਮਾਰੀ ਵਿਚ ਲੱਗੀ ਰਹਿਣ ਦੇਣ।
ਚਾਬੀਆਂ ਬਣਾਉਣ ਤੋਂ ਬਾਅਦ ਦੋਸ਼ੀ ਚਲਾ ਗਿਆ ਜਦੋਂਕਿ ਬਜ਼ੁਰਗ ਮੁੱਖ ਅਲਮਾਰੀ ਵਿਚ ਚਾਬੀ ਲਾ ਕੇ ਆਪ ਨਹਾਉਣ ਚਲਾ ਗਿਆ। ਥੋੜ੍ਹੀ ਦੇਰ ਬਾਅਦ ਆ ਕੇ ਉਸ ਨੇ ਅਲਮਾਰੀ ਵਿਚ ਲੱਗੀ ਚਾਬੀ ਘੁੰਮਾਉਣ ਦਾ ਯਤਨ ਕੀਤਾ ਪਰ ਉਹ ਨਹੀਂ ਘੁੰਮੀ, ਜਿਸ 'ਤੇ ਉਸ ਨੇ ਗੁਆਂਢੀ ਨੂੰ ਮਦਦ ਲਈ ਬੁਲਾਇਆ ਜਿਸ ਨੇ ਜ਼ੋਰ ਲਾ ਕੇ ਅਲਮਾਰੀ ਖੋਲ੍ਹੀ ਤਾਂ ਬਜ਼ੁਰਗ ਨੇ ਦੇਖਿਆ ਕਿ ਅਲਮਾਰੀ ਵਿਚ ਪਏ 65 ਹਜ਼ਾਰ ਦੇ ਡਾਲਰ ਅਤੇ 45 ਹਜ਼ਾਰ ਦੀ ਨਕਦੀ ਗਾਇਬ ਸੀ। ਅਸਲ ਵਿਚ ਦੋਸ਼ੀ ਬਜ਼ੁਰਗ ਦੇ ਬਾਥਰੂਮ ਵਿਚ ਜਾਂਦੇ ਹੀ ਅੰਦਰ ਵੜ ਗਿਆ ਅਤੇ ਅਲਮਾਰੀ 'ਤੇ ਹੱਥ ਸਾਫ ਕਰ ਗਿਆ। ਥਾਣਾ ਦੁੱਗਰੀ ਦੀ ਪੁਲਸ ਕੇਸ ਦੀ ਜਾਂਚ ਕਰ ਰਹੀ ਹੈ।