ਕੇਂਦਰ ਕੋਲ ਉਠਾਵਾਂਗੇ ਸਿੱਖਿਆ ਸੰਸਥਾਵਾਂ ਦੀ ਆਰਥਿਕ ਪਰੇਸ਼ਾਨੀ ਦਾ ਮੁੱਦਾ : ਤਿਵਾੜੀ
Friday, May 15, 2020 - 08:50 PM (IST)
ਮੋਹਾਲੀ, (ਨਿਆਮੀਆਂ)- ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਵਿਚਾਲੇ ਵਿੱਦਿਅਕ ਤੇ ਤਕਨੀਕੀ ਸਿਖਲਾਈ ਸੰਸਥਾਵਾਂ ਦੀ ਵਧ ਰਹੀ ਆਰਥਿਕ ਪਰੇਸ਼ਾਨੀ ਦਾ ਮੁੱਦਾ ਕੇਂਦਰ ਸਕਰਾਰ ਸਾਹਮਣੇ ਉਠਾਉਣ ਦਾ ਭਰੋਸਾ ਦਿੱਤਾ ਹੈ। ਐੱਮ. ਪੀ. ਤਿਵਾੜੀ ਹਲਕੇ ਦੇ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਦੇ ਪ੍ਰਿੰਸੀਪਲਾਂ ਤੇ ਵਾਈਸ ਚਾਂਸਲਰਾਂ ਨਾਲ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਕਰ ਰਹੇ ਸਨ।ਜ਼ਿਕਰਯੋਗ ਹੈ ਕਿ ਐੱਮ. ਪੀ. ਤਿਵਾੜੀ ਵਲੋਂ ਲਗਾਤਾਰ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾ ਸਕੇ। ਸਿੱਖਿਆ ਤੇ ਤਕਨੀਕੀ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ ਤੇ ਵਾਈਸ ਚਾਂਸਲਰਾਂ ਨੇ ਕਿਹਾ ਕਿ ਤਾਲਾਬੰਦੀ ਤੇ ਮੰਦੀ ਵਿਚਾਲੇ ਮਾਰਚ ਤੇ ਅਪ੍ਰੈਲ ਮਹੀਨੇ ਤਾਂ ਕਿਸੇ ਤਰ੍ਹਾਂ ਨਿਕਲ ਗਏ ਪਰ ਹੁਣ ਹਾਲਾਤ ਕਾਬੂ ਤੋਂ ਬਾਹਰ ਹਨ। ਸੰਸਥਾਵਾਂ ਨਾਲ ਹਜ਼ਾਰਾਂ ਦੀ ਗਿਣਤੀ ’ਚ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਜੁੜਿਆ ਹੈ, ਜਿਨ੍ਹਾਂ ਨੂੰ ਤਨਖਾਹ ਦੇਣ ਲਈ ਫੀਸਾਂ ਵਸੂਲਣ ਤੋਂ ਇਲਾਵਾ ਕੋਈ ਹੋਰ ਸਾਧਨ ਨਹੀਂ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਹੋਰਨਾਂ ਵਰਗਾਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਆਰਥਿਕ ਪੈਕੇਜ ਦੇਵੇ। ਐੱਮ. ਪੀ. ਤਿਵਾੜੀ ਨੇ ਸਿੱਖਿਆ ਤੇ ਤਕਨੀਕੀ ਸਿਖਲਾਈ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।