ਭਾਰਤੀ ਮਹਿਲਾ ਟੀਮ ਦੀ ਖਿਡਾਰਨ ਹਰਮਨਪ੍ਰੀਤ ਦੇ ਮੋਗਾ ਸਥਿਤ ਘਰ 'ਚ ਵਿਆਹ ਵਰਗਾ ਮਾਹੌਲ (ਤਸਵੀਰਾਂ)

07/21/2017 11:15:08 PM

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)— ਇੰਗਲੈਂਡ 'ਚ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ 'ਚ ਵੈਸਟ ਇੰਡੀਜ਼ ਖਿਲਾਫ ਧਮਾਕੇਦਾਰ ਪਾਰੀ ਖੇਡਣ ਵਾਲੀ ਮੋਗਾ ਨਿਵਾਸੀ ਹਰਮਨਪ੍ਰੀਤ ਕੌਰ (ਹਰਮਨ) ਨੇ ਪੰਜਾਬੀਆਂ ਦਾ ਮਾਣ ਸਿਰ ਨਾਲ ਉੱਚਾ ਕਰ ਦਿੱਤਾ ਹੈ। ਹੱਥ ਦੀ ਉਂਗਲੀ 'ਤੇ ਸੱਟ ਲੱਗੀ ਹੋਣ ਦੇ ਬਾਵਜੂਦ ਵੀ ਹਰਮਨਪ੍ਰੀਤ ਦੀ ਬੇਮਿਸਾਲ ਪਾਰੀ ਨੇ ਭਾਰਤੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। ਹਰਮਨਪ੍ਰੀਤ ਦੀ ਇਸ ਪ੍ਰਾਪਤੀ ਨਾਲ ਜਿੱਥੇ ਭਾਰਤ ਦੇਸ਼ ਦੀਆਂ ਮਹਿਲਾਵਾਂ ਨੂੰ ਸਨਮਾਨ ਮਿਲਿਆ ਹੈ, ਉੱਥੇ ਪੰਜਾਬ ਅਤੇ ਮੋਗਾ ਸ਼ਹਿਰ ਦਾ ਨਾਮ ਇੱਕ ਵਾਰ ਫਿਰ ਦੁਨੀਆਂ ਭਰ ਦੇ ਨਕਸ਼ੇ 'ਤੇ ਆ ਗਿਆ। ਇੱਕ ਵਕੀਲ ਨਾਲ ਮੁਨਸ਼ੀ ਵਜੋਂ ਕੰਮ ਕਰਦੇ ਹਰਮਨ ਦੇ ਪਿਤਾ ਹਰਮਿੰਦਰ ਸਿੰਘ ਬਿੱਲੂ, ਘਰੇਲੂ ਔਰਤ ਵਜੋਂ ਸਾਦਗੀ 'ਚ ਰਹਿਣ ਵਾਲੀ ਮਾਤਾ ਸਤਵਿੰਦਰ ਕੌਰ, ਮੋਗਾ ਦੇ ਕਾਲਜ 'ਚ ਪ੍ਰੋਫੈਸਰ ਲੱਗੀ ਭੈਣ ਹੇਮਜੀਤ ਕੌਰ, ਬੀ. ਏ. 'ਚ ਪੜ ਦੇ ਹਰਮਨ ਦੇ ਭਰਾ ਗੁਰਜਿੰਦਰ ਸਿੰਘ ਗੈਰੀ ਅਤੇ 90 ਸਾਲਾ ਦਾਦਾ ਅਮਰ ਸਿੰਘ ਦੀ ਖੁਸ਼ੀ ਅੱਜ ਸਾਂਭੀ ਨਹੀਂ ਸੀ ਜਾ ਰਹੀ ਕਿਉਂਕਿ ਘਰ 'ਚ ਪੈਦਾ ਹੋਏ ਵਿਆਹ ਵਰਗੇ ਮਾਹੌਲ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗਣ ਕਾਰਨ ਅੱਜ ਪੂਰਾ ਪਰਿਵਾਰ ਫੁੱਲਿਆ ਨਹੀਂ ਸੀ ਸਮਾ ਰਿਹਾ।
 

       ਹਰਮਨ ਦੇ ਦੁੱਨੇਕੇ ਸਥਿਤ ਘਰ ਪਿਤਾ ਹਰਮਿੰਦਰ ਸਿੰਘ ਅਤੇ ਦੂਸਰਾ ਪਰਿਵਾਰਿਕ ਮੈਂਬਰਾਂ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਰਮਨ ਦਾ ਜਨਮ 8 ਮਾਰਚ 1989 ਨੂੰ ਹੋਇਆ ਜੋ ਕਿ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਰੱਖਦੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਮਨ 2009 ਤੋਂ ਲਗਾਤਾਰ ਭਾਰਤੀ ਟੀਮ 'ਚ ਕ੍ਰਿਕਟ ਖੇਡਦੀ ਆ ਰਹੀ ਹੈ ਅਤੇ ਇਸ ਵਾਰ ਦੇ ਮੈਚ ਨੇ ਹਰਮਨ ਦੀ ਮਿਹਨਤ ਅਤੇ ਲਗਨ ਨੂੰ ਪੂਰੀ ਤਰਾਂ ਚਮਕਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨਾਂ ਨੂੰ ਹਰਮਨ 'ਤੇ ਮਾਣ ਹੈ ਅਤੇ ਅੱਜ ਹਰਮਨ ਦੀ ਬਦੌਲਤ ਹੀ ਭਾਰਤੀ ਟੀਮ ਦੇ ਨਾਲ-ਨਾਲ ਪਰਿਵਾਰ, ਸ਼ਹਿਰ ਸਮੇਤ ਪੰਜਾਬ ਸੂਬੇ ਦਾ ਨਾਮ ਦੁਨੀਆਂ ਭਰ 'ਚ ਪ੍ਰਸਿੱਧ ਹੋ ਗਿਆ ਹੈ। ਪਰਿਵਾਰ ਨੇ ਉਮੀਦ ਕੀਤੀ ਕਿ 23 ਜੁਲਾਈ ਨੂੰ ਹੋਣ ਵਾਲੇ ਫਾਈਨਲ ਮੈਚ 'ਚ ਵੀ ਉਨਾਂ ਦੀ ਧੀ ਪੂਰੀ ਟੀਮ ਸਮੇਤ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦੇਸ਼ ਲਈ ਜੇਤੂ ਕੱਪ ਲੈ ਕੇ ਆਵੇਗੀ।
ਉਂਗਲੀ 'ਚ ਸੱਟ ਅਤੇ ਮਾਸਪੇਸ਼ੀਆਂ 'ਚ ਖਿੱਚ ਦੇ ਬਾਵਜੂਦ ਕੀਤਾ ਸ਼ਾਨਦਾਰ ਪ੍ਰਦਰਸ਼ਨ
       ਹਰਮਨ ਦੀ ਭੈਣ ਹੇਮਜੀਤ ਨੇ ਦੱਸਿਆ ਕਿ ਵੈਸਟ ਇੰਡੀਜ਼ ਖਿਲਾਫ ਫੀਲਡਿੰਗ ਕਰਦਿਆਂ ਹਰਮਨ ਦੇ ਖੱਬੇ ਹੱਥ ਦੀ ਰਿੰਗ ਫਿੰਗਰ 'ਚ ਸੱਟ ਲੱਗ ਗਈ ਸੀ। ਇਸ ਤੋਂ ਇਲਾਵਾ ਸੈਮੀਫਾਈਨਲ ਦੌਰਾਨ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਪਾਰੀ ਖੇਡਦਿਆਂ ਹਰਮਨ ਦੀ ਲੱਤ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਪੈਦਾ ਹੋ ਗਿਆ ਸੀ ਪਰ ਹਰਮਨ ਨੇ ਫਿਰ ਵੀ ਬੇਮਿਸਾਲ ਪ੍ਰਦਰਸ਼ਨ ਕੀਤਾ।
ਹਰਮਨ ਦੇ ਡ੍ਰੈਸਿੰਗ ਰੂਮ 'ਚ ਜਾਣ ਸਮੇਂ ਪਰਿਵਾਰ ਨਾਲ ਹੋਈ ਗੱਲਬਾਤ
       ਹਰਮਨ ਦੇ ਪਿਤਾ ਹਰਮਿਦਰ ਸਿੰਘ ਨੇ ਦੱਸਿਆ ਕਿ ਹਰਮਨ ਵੱਲੋਂ ਆਪਣੀ ਪਾਰੀ ਮੁਕੰਮਲ ਕਰਨ ਉਪਰੰਤ ਜਦੋਂ ਉਹ ਡਰੈਸਿੰਗ ਰੂਮ 'ਚ ਗਈ ਤਾਂ ਉਸ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਸ ਸਮੇਂ ਹਰਮਨ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰ ਰਹੀ ਸੀ। ਜੇਕਰ ਮੈਚ 42 ਦੀ ਥਾਂ 50 ਓਵਰਾਂ ਦਾ ਹੁੰਦਾ ਤਾਂ ਹਰਮਨ ਹੋਰ ਵੀ ਕੀਰਤੀਮਾਨ ਸਥਾਪਤ ਕਰਦੀ ਪਿਤਾ ਹਰਮਿੰਦਰ ਸਿੰਘ ਨੇ ਕਿਹਾ ਕਿ ਹਰਮਨ ਨੇ ਅਜੇਤੂ 115 ਗੇਂਦਾਂ ਖੇਡ ਕੇ 20 ਚੌਕਿਆਂ ਅਤੇ 7 ਛੱਕੇ ਲਗਾਕੇ 171 ਦੌੜਾਂ ਬਣਾਈਆਂ, ਜੇਕਰ ਮੀਂਹ ਪੈਣ ਕਾਰਨ 8 ਓਵਰ ਹੋਰ ਨਾਂ ਘਟ ਦੇ ਤਾਂ ਹਰਮਨ ਨੇ ਹੋਰ ਵੀ ਕੀਰਤੀਮਾਨ ਸਥਾਪਤ ਕਰਨੇ ਸਨ। 
ਪੋਤਰੀ ਦੇ ਚੌਕੇ-ਛੱਕੇ ਦੇਖ 90 ਸਾਲਾ ਦਾਦਾ ਹੋ ਉੱਠਿਆ ਗਦਗਦ
      ਪੋਤਰੀ ਹਰਮਨਪ੍ਰੀਤ ਵਲੋਂ ਮੈਚ ਦੌਰਾਨ ਕੀਤੇ ਧਮਾਕੇਦਾਰ ਪ੍ਰਦਰਸ਼ਨ ਨੂੰ ਦੇਖ ਕੇ ਗਦਗਦ ਹੋਏ ਹਰਮਨ ਦੇ 90 ਸਾਲਾ ਦਾਦਾ ਅਮਰ ਸਿੰਘ ਨੇ ਦੱਸਿਆ ਕਿ ਆਪਣੀ ਪੋਤਰੀ ਨੂੰ ਕ੍ਰਿਕਟ ਖੇਡਦਿਆਂ ਉਹ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ ਹੈ। ਉਨਾਂ ਦੱਸਿਆ ਕਿ ਲਗਾਤਾਰ ਮੈਚ ਦੇਖਣ 'ਤੇ ਉਸ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਉਸ ਦੀ ਪੋਤਰੀ ਦੇ ਖੇਡ 'ਚ ਦਿਨੋਂ-ਦਿਨ ਨਿਖਾਰ ਆ ਰਿਹਾ ਹੈ।


Related News