ਸਾਬਕਾ ਫੁੱਟਬਾਲ ਖਿਡਾਰਨ ਚਾਓਬਾ ਦੇਵੀ ਰਾਸ਼ਟਰੀ ਮਹਿਲਾ ਕੋਚ ਬਣਨ ਨੂੰ ਤਿਆਰ
Thursday, Apr 25, 2024 - 11:09 AM (IST)
ਨਵੀਂ ਦਿੱਲੀ– ਆਈ. ਐੱਮ. ਵਿਜਯਨ ਦੀ ਅਗਵਾਈ ਵਾਲੀ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. .ਐੱਫ. ਐੱਫ.) ਦੀ ਤਕਨੀਕੀ ਕਮੇਟੀ ਨੇ ਬੁੱਧਵਾਰ ਨੂੰ ਸਾਬਕਾ ਖਿਡਾਰਨ ਲਾਂਗਮ ਚਾਓਬਾ ਦੇਵੀ ਦੇ ਨਾਂ ਦੀ ਸਿਫਾਰਿਸ਼ ਰਾਸ਼ਟਰੀ ਮਹਿਲਾ ਫੁੱਟਬਾਲ ਕੋਚ ਅਹੁਦੇ ਲਈ ਕੀਤੀ ਹੈ, ਜਿਸ ਨਾਲ ਉਹ ਇਸ ਅਹੁਦੇ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ।
ਦੇਵੀ (51 ਸਾਲ) ਨੇ ਫਿਲੀਪੀਨਜ਼ ਵਿਚ 1999 ਏਸ਼ੀਅਾਈ ਚੈਂਪੀਅਨਸ਼ਿਪ ਵਿਚ ਰਾਸ਼ਟਰੀ ਟੀਮ ਦੀ ਕਪਤਾਨੀ ਕੀਤੀ ਸੀ। ਉਹ ਭਾਰਤੀ ਟੀਮ ਦੀ ਸਹਾਇਕ ਕੋਚ ਵੀ ਰਹਿ ਚੁੱਕੀ ਹੈ। ਮਣੀਪੁਰ ਦੀ ਇਸ ਖਿਡਾਰਨ ਨੇ 1998 ਬੈਂਕਾਕ ਏਸ਼ੀਆਈ ਖੇਡਾਂ ਵਿਚ ਵੀ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ। ਏ. ਆਈ. ਐੱਫ. ਐੱਫ. ਨੇ ਇਕ ਬਿਆਨ ਵਿਚ ਕਿਹਾ, ‘‘ਕਾਫੀ ਸੋਚ-ਵਿਚਾਰ ਕਰਨ ਤੋਂ ਬਾਅਦ ਕਮੇਟੀ ਨੇ ਐੱਲ. ਚਾਓਬਾ ਦੇਵੀ ਦੇ ਨਾਂ ਦੀ ਸਿਫਾਰਿਸ਼ ਭਾਰਤੀ ਸੀਨੀਅਰ ਮਹਿਲਾ ਰਾਸ਼ਟਰੀ ਟੀਮ ਦੇ ਮੁੱਖ ਕੋਚ ਅਹੁਦੇ ਲਈ ਕੀਤੀ ਹੈ।’’
ਦੇਵੀ ਪਹਾੜੀ ਖੇਤਰ ਦੀ ਇਕਲੌਤੀ ਮਹਿਲਾ ਕੋਚ ਹੈ, ਜਿਸ ਕੋਲ ਏ. ਐੱਫ. ਸੀ. ਦਾ ‘ਏ’ ਲਾਈਸੈਂਸ ਕੋਚਿੰਗ ਪ੍ਰਮਾਣ ਪੱਤਰ ਹੈ। ਏ. ਆਈ. ਐੱਫ. ਐੱਫ. ਦੀ ਕਾਰਜਕਾਰੀ ਕਮੇਟੀ ਇਸ ਸਿਫਾਰਿਸ਼ ਨੂੰ ਅਗਲੀ ਮੀਟਿੰਗ ਵਿਚ ਮਨਜ਼ੂਰੀ ਦੇਵੇਗੀ। ਸਿਫਾਰਿਸ਼ ਦਾ ਮਤਲਬ ਲੱਗਭਗ ਨਿਯੁਕਤੀ ਤੈਅ ਹੋਣਾ ਹੈ। ਤਕਨੀਕੀ ਕਮੇਟੀ ਨੇ ਵਿਜਯਨ ਦੀ ਪ੍ਰਧਾਨਗੀ ਵਿਚ ਆਨਲਾਈਨ ਮੀਟਿੰਗ ਵਿਚ ਇਹ ਸਿਫਾਰਿਸ਼ ਕੀਤੀ, ਜਿਸ ਵਿਚ ਪਿੰਕੀ ਭੋਂਪਲ ਮਗਰ, ਸ਼ਬੀਰ ਅਲੀ, ਵਿਕਟਰ ਅਮਲਰਾਜ, ਸੰਤੋਸ਼ ਸਿੰਘ ਤੇ ਕਲਾਈਮੈਕਸ ਲਾਰੈਂਸ ਸ਼ਾਮਲ ਸਨ।