ਸ਼੍ਰੀ ਵਾਲਮੀਕ ਮੰਦਰ ''ਚ ਹੋਈ ਚੋਰੀ, ਲੋਕਾਂ ''ਚ ਭਾਰੀ ਰੋਸ; ਸਖ਼ਤ ਕਾਰਵਾਈ ਦੀ ਮੰਗ
Tuesday, May 26, 2026 - 05:30 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ): ਅੱਜ ਪਿੰਡ ਸ਼ਰੀਹ ਵਾਲਾ ਬਰਾੜ 'ਚ ਸ਼੍ਰੀ ਵਾਲਮੀਕ ਮੰਦਰ 'ਚ ਚੋਰਾਂ ਨੇ ਚੋਰੀ ਕੀਤੀ ਅਤੇ ਮੰਦਰ 'ਚ ਹੀ ਰੱਖੇ ਸ਼੍ਰੀ ਰਮਾਇਣ ਜੀ ਦੇ ਸਵਰੂਪ ਨੂੰ ਇੱਧਰ-ਉੱਧਰ ਕੀਤਾ ਤੇ ਰੁਮਾਲਾ ਸਾਹਿਬ ਖਲਾਰ ਦਿੱਤੇ, ਜਿਸ ਦਾ ਪਿੰਡ ਅਤੇ ਇਲਾਕਾ ਵਾਸੀਆਂ ਨੇ ਰੋਸ ਜਤਾਇਆ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ 'ਤੇ ਇਲਾਕੇ ਦੇ ਬੀ.ਜੇ.ਪੀ. ਆਗੂ ਦੀਪਕ ਸ਼ਰਮਾ ਵੀ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਸ਼ਰੀਹ ਵਾਲਾ ਬਰਾੜ ਵਿਖੇ ਬਣੇ ਸ਼੍ਰੀ ਵਾਲਮੀਕ ਮੰਦਰ ਵਿਚ ਅੱਜ ਚੋਰਾਂ ਵੱਲੋਂ ਗੋਲਕ ਨੂੰ ਤੋੜ ਕੇ ਉਸ ਵਿਚ ਰੱਖੇ ਪੈਸੇ ਚੋਰੀ ਕਰਕੇ ਲੈ ਗਏ ਤੇ ਮੰਦਰ ਅੰਦਰ ਹੀ ਰੱਖੇ ਸ਼੍ਰੀ ਰਮਾਇਣ ਆਦਿ ਧਰਮ ਗ੍ਰੰਥ ਅੰਮ੍ਰਿਤ ਬਾਣੀ ਜੀ ਦੇ ਸਵਰੂਪ ਛੇੜਛਾੜ ਕੀਤੀ ਗਈ ਤੇ ਇਸ ਦੇ ਨਾਲ ਹੀ ਰੁਮਾਲਾ ਸਾਹਿਬ ਨੂੰ ਵੀ ਖਲਾਰਿਆ ਗਿਆ।
ਜਿਵੇਂ ਹੀ ਇਸ ਘਟਨਾ ਦੀ ਖਬਰ ਪਿੰਡ ਵਾਲਿਆਂ ਨੂੰ ਲੱਗੀ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੇ ਇਲਾਕੇ ਦੇ ਡੀ.ਐੱਸ.ਪੀ. ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੰਦਰ 'ਚੋਂ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਸ਼੍ਰੀ ਰਮਾਇਣ ਜੀ ਦੇ ਸਵਰੂਪ ਨਾਲ ਛੇੜਛਾੜ ਕੀਤੀ ਲੱਗਦੀ। ਇਸ ਦੇ ਨਾਲ ਹੀ ਕਈ ਥਾਂ ਤੇ ਰੁਮਾਲਾ ਸਾਹਿਬ ਵੀ ਖਲਾਰੇ ਪਏ ਸਨ। ਉਨ੍ਹਾਂ ਨੇ ਦੱਸਿਆ ਕਿ ਮੌਕੇ 'ਤੇ ਡੋਗ ਸਕੁਐਡ ਨੂੰ ਵੀ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਲਾਕੇ ਦੇ ਬੀਜੇਪੀ ਆਗੂ ਦੀਪਕ ਸ਼ਰਮਾ ਨੇ ਕਿਹਾ ਕਿ ਮੰਦਰ 'ਚ ਵਾਪਰੀ ਘਟਨਾ ਮੰਦਭਾਗੀ ਤੇ ਸ਼ਰਮਨਾਕ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੂੰ ਜਲਦ ਤੋਂ ਜਲਦ ਫੜ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਥਾਣਾ ਮੁਖੀ ਜਗਦੀਪ ਸਿੰਘ ਪੁਲਸ ਪਾਰਟੀ ਸਮੇਤ ਵੀ ਹਾਜ਼ਰ ਸਨ।
