ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਦਾ ਨਾਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੇ ਨਾਂ ’ਤੇ ਰੱਖਣ ਦੀ ਮੰਗ

Monday, Jun 01, 2026 - 12:23 PM (IST)

ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਦਾ ਨਾਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੇ ਨਾਂ ’ਤੇ ਰੱਖਣ ਦੀ ਮੰਗ

ਫਿਰੋਜ਼ਪੁਰ (ਪਰਮਜੀਤ) : ਪੰਜਾਬ ਦੀ ਅਖੰਡਤਾ ਅਤੇ ਭਾਈਚਾਰੇ ਲਈ ਜਾਨ ਵਾਰਨ ਵਾਲੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ ਯਾਦ ’ਚ ਫਿਰੋਜ਼ਪੁਰ ਰੇਲਵੇ ਸਟੇਸ਼ਨ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਿਸ਼ੇਸ਼ ਮੰਗ-ਪੱਤਰ ਭੇਜਿਆ ਗਿਆ ਹੈ। ਰਾਹੁਲ ਗਾਂਧੀ ਦੇ ਪ੍ਰਸ਼ੰਸਕ ਅਤੇ ‘ਰਾਹੁਲ ਗਾਂਧੀ ਏਕਤਾ ਸੰਗਠਨ’ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਵਧਵਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਇਹ ਪੁਰਜ਼ੋਰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦਾ ਨਾਂ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਨਾਲ ਜੋੜਿਆ ਜਾਵੇ।

ਇਹ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ। ਵਿਜੇ ਵਧਵਾ ਨੇ ਲਾਲਾ ਜਗਤ ਨਾਰਾਇਣ ਦੇ ਯੋਗਦਾਨ ਨੂੰ ਯਾਦ ਕਰਦਿਆਂ ਦੱਸਿਆ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਬੜੀ ਨਿਡਰਤਾ ਅਤੇ ਸੱਚਾਈ ਨਾਲ ਪੱਤਰਕਾਰੀ ਕੀਤੀ। ਉਹ ਪੰਜਾਬ ਦੇ ਭਾਈਚਾਰੇ ਲਈ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ, ਜਿਸ ਕਾਰਨ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜੇਕਰ ਕਿਸੇ ਤਕਨੀਕੀ ਜਾਂ ਹੋਰ ਕਾਰਨ ਕਰ ਕੇ ਮੁੱਖ ਸਟੇਸ਼ਨ ਦਾ ਨਾਂ ਬਦਲਣਾ ਸੰਭਵ ਨਾ ਹੋਵੇ ਤਾਂ ਫਿਰੋਜ਼ਪੁਰ ਸ਼ਹਿਰ ਦੇ ਨਜ਼ਦੀਕੀ ਪਿੰਡਾਂ ਜਿਵੇਂ ਕਿ ਖਾਈ ਫੇਮੇ ਕੀ, ਡੋਡ ਜਾਂ ਇਲਾਕੇ ਦੇ ਕਿਸੇ ਵੀ ਹੋਰ ਰੇਲਵੇ ਸਟੇਸ਼ਨ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਜਾ ਸਕਦਾ ਹੈ।

ਇਸ ਮੰਗ ਦਾ ਸਮਰਥਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਮੈਂਬਰ (ਐੱਮ. ਐੱਲ. ਏ.) ਜਗਬੀਰ ਸਿੰਘ ਆਵਲਾ, ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਸਾਬਕਾ ਪ੍ਰਧਾਨ ਰਿੰਕੂ ਗਰੋਵਰ ਅਤੇ ਫਿਰੋਜ਼ਪੁਰ ਸ਼ਹਿਰੀ ਦੇ ਹੋਰਨਾਂ ਸਾਬਕਾ ਵਿਧਾਇਕਾਂ ਨੇ ਵੀ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਦੀ ਵਕਾਲਤ ਕੀਤੀ ਹੈ। ਆਗੂਆਂ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਤੋਂ ਪਹਿਲਾਂ ਹਿੰਦ ਸਮਾਚਾਰ ਗਰੁੱਪ ਦੇ ਮੁੱਖ ਸੰਪਾਦਕ ਰਹੇ ਰਮੇਸ਼ ਚੰਦਰ ਚੋਪੜਾ ਅਤੇ ਲਾਲਾ ਜਗਤ ਨਾਰਾਇਣ ਦੇ ਨਾਂ ’ਤੇ ਚੌਕ ਬਣਾ ਕੇ ਵੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਵੇ।
 


author

Babita

Content Editor

Related News