ਪਤੀ ਨੇ ਗਰਭਵਤੀ ਪਤਨੀ ਦੀ ਕੀਤੀ ਕੁੱਟਮਾਰ

Monday, Sep 02, 2024 - 12:16 PM (IST)

ਪਤੀ ਨੇ ਗਰਭਵਤੀ ਪਤਨੀ ਦੀ ਕੀਤੀ ਕੁੱਟਮਾਰ

ਅਬੋਹਰ (ਸੁਨੀਲ) : ਪਿੰਡ ਜੰਡਵਾਲਾ ਹਨੂੰਮੰਤਾ ਵਿਖੇ ਇਕ ਪਤੀ ਨੇ ਆਪਣੀ ਸਾਢੇ 8 ਮਹੀਨੇ ਦੀ ਗਰਭਵਤੀ ਪਤਨੀ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਔਰਤ ਨੂੰ ਘਰੋਂ ਬਾਹਰ ਕੱਢ ਦਿੱਤਾ। ਜਦੋਂ ਗਰਭਵਤੀ ਔਰਤ ਦੀ ਹਾਲਤ ਵਿਗੜ ਗਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਜਾਣਕਾਰੀ ਦਿੰਦਿਆਂ ਸੋਨੂੰ ਰਾਣੀ ਪੁੱਤਰੀ ਰਤਨ ਲਾਲ ਵਾਸੀ ਪਿੰਡ ਡੰਗਰਖੇੜਾ ਨੇ ਦੱਸਿਆ ਕਿ ਉਸ ਨੇ 4 ਸਾਲ ਪਹਿਲਾਂ ਜੰਡਵਾਲਾ ਹਨੂੰਮੰਤਾ ਵਾਸੀ ਗੋਬਿੰਦ ਜਿਹੜਾ ਕਿ ਟਰੈਕਟਰ ਚਲਾਉਂਦਾ ਹੈ, ਨਾਲ ਲਵ ਮੈਰਿਜ ਕਰਵਾਈ ਸੀ। ਜਿਸ ਦੇ ਬਾਅਦ ਉਸ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਜਿਹੜਾ ਹੁਣ 2 ਸਾਲ ਦਾ ਹੋ ਚੁੱਕਿਆ ਹੈ। ਹੁਣ ਉਹ ਫਿਰ ਸਾਢੇ 8 ਮਹੀਨੇ ਦੀ ਗਰਭਵਤੀ ਹੈ। ਉਸ ਨੇ ਦੱਸਿਆ ਕਿ ਵਿਆਹ ਦੇ 6 ਮਹੀਨੇ ਬਾਅਦ ਹੀ ਉਸ ਦੇ ਪਤੀ ਅਤੇ ਸਹੁਰੇ ਵਾਲੇ ਉਸ ਨੂੰ ਦਾਜ ਨਾ ਲਿਆਉਣ ਲਈ ਤੰਗ-ਪਰੇਸ਼ਾਨ ਕਰਨ ਲੱਗੇ।

ਉਸ ਨੇ ਦੱਸਿਆ ਕਿ ਉਸ ਦਾ ਪਤੀ ਹੋਰ ਬੱਚਾ ਪੈਦਾ ਨਹੀਂ ਕਰਨਾ ਚਾਹੁੰਦਾ ਸੀ ਅਤੇ ਉਸ ਨੂੰ ਗਰਭ ਡਿਗਾਉਣ ਦਾ ਦਬਾਅ ਬਣਾਉਂਦਾ ਰਿਹਾ, ਜਦ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਹ ਉਸ ਨਾਲ ਕੁੱਟਮਾਰ ਕਰਨ ਲੱਗਾ। ਉਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਵੀ ਉਸਦੇ ਪੇਕੇ ਤੋਂ ਪੈਸੇ ਲਿਆਉਣ ਦੀ ਮੰਗ ਕਰਦੇ ਹੋਏ ਕੁੱਟਿਆ ਅਤੇ ਉਸ ਨੂੰ ਦੋ ਸਾਲ ਦੇ ਬੱਚੇ ਸਮੇਤ ਘਰੋਂ ਕੱਢ ਦਿੱਤਾ। ਜਿਸ ਤੋਂ ਬਾਅਦ ਉਸ ਨੇ ਇਹ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ, ਕਿਉਂਕਿ ਕੁੱਟਮਾਰ ਕਾਰਨ ਉਸ ਦਾ ਦਰਦ ਸ਼ੁਰੂ ਹੋ ਗਿਆ ਅਤੇ ਉਸ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਇਥੋਂ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ।


author

Babita

Content Editor

Related News