ਸਵਾ ਲੱਖ ਦਾ ਬਿੱਲ ਲੈਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਦਿੱਤੀ ਲੜਕੀ ਦੀ ਮੌਤ ਦੀ ਖ਼ਬਰ

02/23/2018 7:02:12 AM

ਲੁਧਿਆਣਾ, (ਤਰੁਣ)- 17 ਫਰਵਰੀ ਨੂੰ 12ਵੀਂ ਕਲਾਸ 'ਚ ਪੜ੍ਹਨ ਵਾਲੀ ਵਿਦਿਆਰਥਣ ਮੁਸਕਾਨ ਸੀ. ਐੱਮ. ਸੀ. ਹਸਪਤਾਲ 'ਚ ਭਰਤੀ ਹੋਈ ਸੀ। ਨਮੋਨੀਆ ਬੁਖਾਰ ਹੋਣ ਕਾਰਨ ਮੁਸਕਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 
ਵੀਰਵਾਰ ਸ਼ਾਮ ਹਸਪਤਾਲ ਵਿਚ ਸਵਾ ਲੱਖ ਦਾ ਬਿੱਲ ਜਮ੍ਹਾ ਕਰਵਾਉਣ ਦੇ ਕਰੀਬ ਅੱਧੇ ਘੰਟੇ ਬਾਅਦ ਡਾਕਟਰ ਨੇ ਮੁਕਸਾਨ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਦਿੱਤੀ, ਜਿਸ ਦੇ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਬੌਖਲਾਏ ਪਰਿਵਾਰ ਵਾਲਿਆਂ ਨੇ ਗੁੱਸੇ ਵਿਚ ਆ ਕੇ ਸਕਿਓਰਿਟੀ ਗਾਰਡ ਸਮੇਤ ਡਾਕਟਰ ਅਤੇ ਨਰਸ ਨਾਲ ਹੱਥੋ-ਪਾਈ ਕੀਤੀ। ਜਦੋਂ ਕਿ ਪਰਿਵਾਰ ਦਾ ਕਹਿਣਾ ਹੈ ਕਿ ਹਸਪਤਾਲ ਦੇ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੀ ਬੇਟੀ ਮੁਕਸਾਨ ਦੀ ਮੌਤ ਹੋਈ ਹੈ। ਸੂਚਨਾ ਮਿਲਣ ਦੇ ਬਾਅਦ ਏ. ਸੀ. ਪੀ. ਮਨਦੀਪ ਸਿੰਘ, ਏ. ਸੀ. ਪੀ. ਲਖਬੀਰ ਸਿੰਘ, ਥਾਣਾ ਡਵੀਜ਼ਨ ਨੰ. 1, 2, 3 ਤੇ ਥਾਣਾ ਦਰੇਸੀ ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਉੱਚ ਅਧਿਕਾਰੀਆਂ ਨੇ ਉਚਿਤ ਕਾਰਵਾਈ ਦਾ ਵਿਸ਼ਵਾਸ ਦੇ ਕੇ ਪਰਿਵਾਰ ਨੂੰ ਸ਼ਾਂਤ ਕੀਤਾ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ।
ਕਾਕੋਵਾਲ ਰੋਡ ਸਥਿਤ ਬਾਵਾ ਕਾਲੋਨੀ ਦੇ ਰਹਿਣ ਵਾਲੇ ਮ੍ਰਿਤਕ ਲੜਕੀ ਦੇ ਪਿਤਾ ਰਮੇਸ਼ ਅਤੇ ਮਾਤਾ ਗੀਤਾ ਰਾਣੀ ਨੇ ਦੱਸਿਆ ਕਿ ਬੁਖਾਰ ਕਾਰਨ 17 ਫਰਵਰੀ ਨੂੰ ਉਨ੍ਹਾਂ ਨੇ ਮੁਸਕਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਸੀ। ਮੁਸਕਾਨ ਨੂੰ ਮਾਮੂਲੀ ਬੁਖਾਰ ਅਤੇ ਇੰਫੈਕਸ਼ਨ ਸੀ। ਦੋ ਦਿਨ ਬਾਅਦ ਉਸ ਦੀ ਬੇਟੀ ਵੈਂਟੀਲੇਟਰ 'ਤੇ ਸੀ, ਜਿੱਥੇ ਹਾਲਤ ਵਿਚ ਸੁਧਾਰ ਹੋ ਰਿਹਾ ਸੀ। ਵੀਰਵਾਰ ਸ਼ਾਮ ਕਰੀਬ 5.30 ਵਜੇ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਸਵਾ ਲੱਖ ਰੁਪਏ ਦਾ ਬਿੱਲ ਜਮ੍ਹਾ ਕਰਵਾਉਣ ਲਈ ਕਿਹਾ। ਉਨ੍ਹਾਂ ਨੇ ਬਿੱਲ ਜਮ੍ਹਾ ਕਰਵਾ ਦਿੱਤਾ। ਕਰੀਬ ਅੱਧੇ ਘੰਟੇ ਬਾਅਦ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਨੂੰ ਮੁਕਸਾਨ ਦੀ ਮੌਤ ਦੀ ਖ਼ਬਰ ਦਿੱਤੀ।
ਮਾਤਾ-ਪਿਤਾ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੀ ਉਨ੍ਹਾਂ ਦੀ ਬੇਟੀ ਦੀ ਮੌਤ ਹੋਈ ਹੈ। ਉਨ੍ਹਾਂ ਨੇ ਪੁਲਸ-ਪ੍ਰਸ਼ਾਸਨ ਤੋਂ ਹਸਪਤਾਲ ਦੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਇਨਸਾਫ ਦੀ ਮੰਗੀ ਕੀਤੀ ਹੈ।
ਇਸ ਸਬੰਧੀ ਸੀ. ਐੱਮ. ਸੀ. ਹਸਪਤਾਲ ਦੇ ਪੀ. ਆਰ. ਓ. ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਕਰੀਬ 5 ਦਿਨ ਪਹਿਲਾਂ ਮੁਸਕਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਹਾਲਤ ਗੰਭੀਰ ਸੀ। ਲੜਕੀ ਨੂੰ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ। ਇਲਾਜ ਦੌਰਾਨ ਕੁੱਝ ਫਾਇਨਾਂਸ਼ੀਅਲ ਇਸ਼ੂ ਕਾਰਨ ਲੜਕੀ ਦੇ ਪਰਿਵਾਰ ਵਾਲੇ ਲੜਕੀ ਨੂੰ ਕਿਸੇ ਦੂਸਰੇ ਹਸਪਤਾਲ ਵਿਚ ਲਿਜਾਣਾ ਚਾਹੁੰਦੇ ਸਨ, ਜਿਸ ਕਾਰਨ ਵੀਰਵਾਰ ਨੂੰ ਬਿੱਲ ਬਣਾ ਕੇ ਦਿੱਤਾ ਗਿਆ। ਸ਼ਿਫਟਿੰਗ ਦੌਰਾਨ ਲੜਕੀ ਨੇ ਦਮ ਤੋੜ ਦਿੱਤਾ। ਜਿਸ ਦੇ ਬਾਅਦ ਲੜਕੀ ਦੇ ਪਰਿਵਾਰ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਸਕਿਓਰਿਟੀ ਗਾਰਡ, ਦੋ ਜੂਨੀਅਰ ਡਾਕਟਰਾਂ ਸਮੇਤ ਨਰਸ ਸਟਾਫ ਨਾਲ ਬੁਰੀ ਤਰ੍ਹਾਂ ਹੱਥੋ-ਪਾਈ ਕੀਤੀ, ਜਿਸ ਵਿਚ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੇ ਕੁੱਟ-ਮਾਰ ਅਤੇ ਤੋੜ-ਫੋੜ ਕਰਨ ਵਾਲੇ ਪਰਿਵਾਰ ਖਿਲਾਫ ਥਾਣਾ ਡਵੀਜ਼ਨ ਨੰ. 3 ਵਿਚ ਸ਼ਿਕਾਇਤ ਦਿੱਤੀ ਹੈ।
ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਮਾਤਾ-ਪਿਤਾ ਨੇ ਹਸਪਤਾਲ ਦੇ ਡਾਕਟਰ ਖਿਲਾਫ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ। ਜਦੋਂ ਕਿ ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਵਾਲਿਆਂ 'ਤੇ ਕੁੱਟ-ਮਾਰ ਤੇ ਤੋੜ-ਫੋੜ ਦਾ ਦੋਸ਼ ਲਾਇਆ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Related News