ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਸੜਕ ਕੰਢੇ ਖੜ੍ਹੇ ਰਾਹਗੀਰਾਂ ਨੂੰ ਕੁਚਲਿਆ, ਇੱਕ ਦੀ ਮੌਤ
Thursday, Apr 13, 2023 - 05:05 PM (IST)

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਕੁਹਾੜਾ ਰੋਡ ’ਤੇ ਹਾੜੀਆਂ ਚੌਂਕ ਨੇੜੇ ਬਾਅਦ ਦੁਪਹਿਰ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਸੜਕ ਕੰਢੇ ਖੜੇ ਲੋਕਾਂ ’ਤੇ ਜਾ ਚੜੀ, ਜਿਸ ’ਚ ਇੱਕ ਕੁਲਫ਼ੀ ਵੇਚਣ ਵਾਲੇ ਪ੍ਰਿਤਪਾਲ ਸਿੰਘ (60) ਵਾਸੀ ਭੈਣੀ ਸਾਹਿਬ ਦੀ ਮੌਤ ਹੋ ਗਈ, ਜਦਕਿ ਕੋਲ ਹੀ ਖੜ੍ਹਾ ਇੱਕ ਅਣਪਛਾਤਾ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ । ਕਾਰ ’ਚ ਸਵਾਰ ਬਲਜਿੰਦਰ ਸਿੰਘ ਵਾਸੀ ਰਾਜਗੜ੍ਹ ਦੇ ਵੀ ਸੱਟਾਂ ਲੱਗੀਆਂ ਹਨ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰਿਤਪਾਲ ਸਿੰਘ ਸੜਕ ਕਿਨਾਰੇ ਆਪਣੀ ਕੁਲਫ਼ੀ ਵਾਲੀ ਰੇਹੜੀ ਖੜ੍ਹੀ ਕਰ ਕੇ ਰੋਟੀ ਖਾ ਰਿਹਾ ਸੀ ਅਤੇ ਉਸਦੇ ਨਾਲ ਹੀ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਖੜ੍ਹਾ ਸੀ। ਕੁਹਾੜਾ ਵਲੋਂ ਆ ਰਹੀ ਇੱਕ ਧਾਗਾ ਮਿੱਲ ਦੀ ਇਨੋਵਾ ਕਾਰ ਆਪਣੀ ਸੰਤੁਲਨ ਗਵਾ ਬੈਠੀ ਅਤੇ ਜੋ ਗਲਤ ਸਾਈਡ ਜਾ ਕੇ ਸਫ਼ੈਦੇ ’ਚ ਟਕਰਾਉਣ ਤੋਂ ਬਾਅਦ ਇਨ੍ਹਾਂ ਦੋਵਾਂ ਵਿਅਕਤੀਆਂ ’ਤੇ ਜਾ ਚੜ੍ਹੀ।
ਇਸ ਹਾਦਸੇ ’ਚ ਕੁਲਫ਼ੀ ਵੇਚਣ ਵਾਲਾ ਪ੍ਰਿਤਪਾਲ ਸਿੰਘ ਤਾਂ ਮੌਕੇ ’ਤੇ ਹੀ ਦਮ ਤੋੜ ਗਿਆ ਜਦਕਿ ਨਾਲ ਖੜ੍ਹੇ ਅਣਪਛਾਤੇ ਵਿਅਕਤੀ ਨੂੰ ਸਿਵਲ ਹਸਪਤਾਲ ਮਾਛੀਵਾੜਾ ਵਿਖੇ ਪਹੁੰਚਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਟਾਲਾ ਅਤੇ ਗੁਰਦਾਸਪੁਰ ਰੇਲਵੇ ਸਟੇਸ਼ਨਾਂ ’ਤੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਲੱਗੇ ਪੋਸਟਰ
ਇਸ ਜਖ਼ਮੀ ਦੀ ਕੋਈ ਪਛਾਣ ਨਾ ਹੋ ਸਕੀ। ਇਸ ਤੋਂ ਇਲਾਵਾ ਹਾਦਸੇ ਤੋਂ ਬਾਅਦ ਇਨੋਵਾ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਕਾਰ ’ਚ ਹੀ ਸਵਾਰ ਇੱਕ ਹੋਰ ਵਿਅਕਤੀ ਬਲਜਿੰਦਰ ਸਿੰਘ ਨੂੰ ਸੱਟਾਂ ਲੱਗੀਆਂ ਹਨ, ਜਿਸ ਨੂੰ ਹਸਪਤਾਲ ਲਿਆਂਦਾ ਗਿਆ। ਹਾਦਸੇ ਵਾਲੀ ਘਟਨਾ ’ਤੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਸੜਕ ’ਚ ਪਏ ਡੂੰਘੇ ਖੱਡਿਆਂ ਕਾਰਨ ਇੱਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਅੱਜ ਵੀ ਇਹ ਤੇਜ਼ ਰਫ਼ਤਾਰ ਇਨੋਵਾ ਕਾਰ ਸੰਤੁਲਨ ਗਵਾ ਬੈਠੀ ਜੋ ਸੜਕ ਕੰਢੇ ਖੜੇ ਲੋਕਾਂ ’ਤੇ ਜਾ ਚੜ੍ਹੀ।
ਘਟਨਾ ਦੀ ਸੂਚਨਾ ਮਿਲਦੇ ਹੀ ਕੂੰਮਕਲਾਂ ਪੁਲਸ ਵੀ ਮੌਕੇ ’ਤੇ ਪੁੱਜ ਗਈ ਜਿਨ੍ਹਾਂ ਵਲੋਂ ਪ੍ਰਿਤਪਾਲ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਜਦਕਿ ਇਨੋਵਾ ਕਾਰ ਆਪਣੇ ਕਬਜ਼ੇ ’ਚ ਲੈ ਲਈ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਨੀਲਾ ਤੋਂ ਸਾਢੇ 5 ਸਾਲ ਬਾਅਦ ਘਰ ਪਰਤਿਆ ਪੰਜਾਬੀ ਨੌਜਵਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ