ਗਰਮੀ ਨੇ ਦਿਖਾਇਆ ਭਿਆਨਕ ਰੂਪ, ਤਾਪਮਾਨ ਪੁੱਜਾ 43 ਡਿਗਰੀ, ਸੜਕਾਂ ’ਤੇ ਪਸਰੀ ਸੁੰਨ
Thursday, May 16, 2024 - 10:21 PM (IST)
ਅੰਮ੍ਰਿਤਸਰ (ਜਸ਼ਨ)– ਮਈ ਮਹੀਨੇ ਦੇ ਦੂਜੇ ਹਫ਼ਤੇ ਦੀ ਸ਼ੁਰੂਆਤ ਵਾਲੇ ਦਿਨ ਵੀਰਵਾਰ ਦੁਪਹਿਰ ਨੂੰ ਜਿਥੇ ਤੇਜ਼ ਗਰਮੀ ਨੇ ਆਪਣਾ ਕਹਿਰ ਵਿਖਾਇਆ ਹੈ, ਉਥੇ ਹੀ ਗਰਮੀ ਨੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਤੇਜ਼ ਗਰਮੀ ਨਾਲ ਲੋਕ ਇੰਨੇ ਦੁਖੀ ਹੋ ਗਏ ਕਿ ਦੁਪਹਿਰ ਸਮੇਂ ਆਵਾਜਾਈ ਨਾਲ ਭਰੀਆਂ ਸੜਕਾਂ ਲਗਭਗ ਸੁੰਨਸਾਨ ਨਜ਼ਰ ਆਈਆਂ। ਸੜਕਾਂ ’ਤੇ ਸਿਰਫ਼ ਜ਼ਰੂਰੀ ਕੰਮ ਕਰਨ ਵਾਲੇ ਲੋਕ ਹੀ ਨਜ਼ਰ ਆਏ ਤੇ ਜ਼ਿਆਦਾਤਰ ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹੋ ਗਏ।
ਲੋਕ ਹੁਣ ਤੋਂ ਹੀ ਦਹਿਸ਼ਤ ’ਚ
ਵੀਰਵਾਰ ਨੂੰ ਪਈ ਤੇਜ਼ ਗਰਮੀ ਨੂੰ ਦੇਖ ਕੇ ਲੋਕ ਪਹਿਲਾਂ ਹੀ ਇਸ ਗੱਲੋਂ ਚਿੰਤਤ ਹਨ ਕਿ ਜੇਕਰ ਗਰਮੀ ਹੁਣ ਤੋਂ ਇੰਨਾ ਭਿਆਨਕ ਅਸਰ ਦਿਖਾ ਰਹੀ ਹੈ ਤਾਂ ਜੂਨ-ਜੁਲਾਈ ਦੇ ਮਹੀਨਿਆਂ ’ਚ ਸਥਿਤੀ ਕੀ ਹੋਵੇਗੀ? ਜ਼ਿਆਦਾਤਰ ਅਮੀਰ ਪਰਿਵਾਰਾਂ ਨੇ ਪਹਾੜੀ ਸਥਾਨਾਂ ਵੱਲ ਜਾਣ ਲਈ ਪਹਿਲਾਂ ਹੀ ਹੋਟਲਾਂ ’ਚ ਐਡਵਾਂਸ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਇਸ ਵਾਰ ਟੁੱਟ ਸਕਦਾ ਹੈ ਗਰਮੀ ਦਾ ਰਿਕਾਰਡ : ਮਾਹਿਰ
ਇਸ ਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ 11 ਸਾਲ ਪਹਿਲਾਂ ਤੱਕ ਗਰਮੀ ਦਾ ਰਿਕਾਰਡ ਪੱਧਰ ਸੀ ਪਰ ਇਸ ਵਾਰ ਉਹ ਰਿਕਾਰਡ ਟੁੱਟ ਸਕਦਾ ਹੈ। ਜ਼ਿਕਰਯੋਗ ਹੈ ਕਿ ਸਾਲ 2013 ’ਚ ਬੇਹੱਦ ਗਰਮੀ ਪਈ ਸੀ, ਜਿਸ ਦੌਰਾਨ ਤਾਪਮਾਨ 46-47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਦੱਸਣਯੋਗ ਹੈ ਕਿ ਜੇਕਰ ਪਿਛਲੇ ਸਾਲ ਦੇ ਆਖਰੀ ਮਹੀਨਿਆਂ ਦੇ ਸੀਜ਼ਨ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਵੰਬਰ ਦੀ ਸ਼ੁਰੂਆਤ ਤੱਕ ਇੰਨੀ ਠੰਡ ਨਹੀਂ ਪਈ ਸੀ ਪਰ ਉਸ ਤੋਂ ਬਾਅਦ ਦਸੰਬਰ ਤੇ ਜਨਵਰੀ ’ਚ ਇੰਨੀ ਠੰਡ ਪੈ ਗਈ ਕਿ ਪਿਛਲੇ 10 ਸਾਲਾਂ ’ਚ ਪਈ ਠੰਡ ਦਾ ਿਰਕਾਰਡ ਤੱਕ ਟੁੱਟ ਗਿਆ ਸੀ। ਹਾਲ ਹੀ ’ਚ ਗਰਮੀ ਦਿਖਾਈ ਦੇਣ ਲੱਗੀ ਹੈ। ਜੇਕਰ ਪਿਛਲੇ ਇਕ ਹਫ਼ਤੇ ਦੀ ਗੱਲ ਕਰੀਏ ਤਾਂ ਸਾਫ਼ ਹੈ ਕਿ ਅੱਗ ਵਾਂਗ ਛੂਹਦੀ ਤੇਜ਼ ਧੁੱਪ ਤੇ ਗਰਮੀ ਨੇ ਅੰਬਰਸਰੀਆਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਹੁਣ ਆਮ ਲੋਕਾਂ ’ਚ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜਦੋਂ ਗਰਮੀਆਂ ਦਾ ਮੌਸਮ (ਜੁਲਾਈ ਦਾ ਮਹੀਨਾ) ਪੂਰੇ ਜ਼ੋਰਾਂ ’ਤੇ ਹੋਵੇਗਾ ਤਾਂ ਸਥਿਤੀ ਕਾਫ਼ੀ ਭਿਆਨਕ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦੀ ਚਮਕ ਦੇਖ ਨੂੰਹ ਨੇ ਬਦਲਿਆ ਪਤੀ ਨੂੰ ਸੱਦਣ ਦਾ ਇਰਾਦਾ, ਨੇਪਾਲ ਏਅਰਪੋਰਟ ਤੋਂ ਪੁਲਸ ਨੇ ਇੰਝ ਕੀਤਾ ਕਾਬੂ
ਕੀ ਕਹਿਣਾ ਹੈ ਮੌਸਮ ਵਿਭਾਗ ਦਾ?
ਮੌਸਮ ਵਿਭਾਗ ਮੁਤਾਬਕ ਵੀਰਵਾਰ ਸਵੇਰੇ ਕਰੀਬ 8 ਵਜੇ ਸ਼ਹਿਰ ਦਾ ਪਾਰਾ (ਤਾਪਮਾਨ) 28-30 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਸੀ। ਇਸ ਤੋਂ ਬਾਅਦ ਦਿਨ ਭਰ ਦਾ ਤਾਪਮਾਨ 43 ਡਿਗਰੀ ਦੇ ਆਲੇ-ਦੁਆਲੇ ਰਿਹਾ ਤੇ ਦਿਨ ਦਾ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਿਹਾ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਵੀਰਵਾਰ ਨੂੰ ਲੋਕਾਂ ਨੂੰ ਭਾਰੀ ਗਰਮੀ ਝੱਲਣੀ ਪਈ।
ਮੌਸਮ ਵਿਭਾਗ ਦਾ ਸਪੱਸ਼ਟ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਮੌਸਮ ਖੁਸ਼ਕ ਤੇ ਗਰਮ ਰਹਿਣ ਵਾਲਾ ਹੈ। ਪਿਛਲੇ ਕੁਝ ਸਾਲਾਂ ’ਚ ਮੌਸਮ ’ਚ ਆਈਆਂ ਤਬਦੀਲੀਆਂ ਤੋਂ ਸਾਫ਼ ਹੈ ਕਿ ਧਰਤੀ ਤੇ ਵਾਤਾਵਰਣ ਆਉਣ ਵਾਲੇ ਸਮੇਂ ’ਚ ਮਨੁੱਖ ਜਾਤੀ ਲਈ ਬਹੁਤ ਘਾਤਕ ਸਿੱਧ ਹੋਵੇਗਾ। ਇਸ ਕਾਰਨ ਲੋਕਾਂ ਨੂੰ ਹੁਣ ਤੋਂ ਹੀ ਵੱਧ ਤੋਂ ਵੱਧ ਪੌਦੇ ਲਗਾਉਣੇ ਪੈਣਗੇ, ਨਹੀਂ ਤਾਂ ਆਉਣ ਵਾਲੇ ਕੁਝ ਸਾਲਾਂ ’ਚ ਸਥਿਤੀ ਕਾਫ਼ੀ ਤਰਸਯੋਗ ਹੋ ਜਾਵੇਗੀ।
ਸ਼ਹਿਰ ’ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਪੱਧਰ ਚਿੰਤਾ ਦਾ ਵਿਸ਼ਾ
ਦੂਜੇ ਪਾਸੇ ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ। ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ’ਚ ਗਰਮੀ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ, ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਖ਼ੇਤਰ ਸੀਮੈਂਟ ਜਾਂ ਕੰਕਰੀਟ ਨਾਲ ਢੱਕੇ ਹੋਏ ਹਨ। ਇਸ ਕਾਰਨ ਸੜਕਾਂ ਤੇ ਗਲੀਆਂ ’ਤੇ ਕੰਕਰੀਟ ਦਾ ਫਰਸ਼ ਗਰਮੀ ’ਚ ਜ਼ਿਆਦਾ ਤੱਪਦਾ ਹੈ। ਗਰਮੀ ਕਾਰਨ ਹੁਣ ਡੀਹਾਈਡ੍ਰੇਸ਼ਨ ਤੇ ਸਨਸਟ੍ਰੋਕ ਦੇ ਮਾਮਲਿਆਂ ’ਚ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਨੂੰ ਇਨ੍ਹਾਂ ਤੋਂ ਬਚਣ ਲਈ ਉਪਾਅ ਕਰਨੇ ਪੈਣਗੇ। ਸ਼ਹਿਰ ਦੇ ਹਾਲਾਤ ਅਜਿਹੇ ਹਨ ਕਿ ਲੋਕ ਹੁਣ ਗਰਮੀ ਤੋਂ ਰਾਹਤ ਪਾਉਣ ਲਈ ਨਹਿਰਾਂ ਜਾਂ ਤੈਰਨ ਵਾਲੇ ਪੁਲਾਂ ਵੱਲ ਰੁਖ਼ ਕਰ ਰਹੇ ਹਨ। ਪਤਾ ਲੱਗਾ ਹੈ ਕਿ ਪੈ ਰਹੀ ਗਰਮੀ ਕਾਰਨ ਬੱਚਿਆਂ ਨੂੰ ਰਾਹਤ ਦੇਣ ਲਈ ਸਰਕਾਰ ਨੇ 1 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।