ਦੀਵਾਲੀ ਦੀ ਆੜ ''ਚ ਚੱਲਣ ਲੱਗਾ ਜੂਏਬਾਜ਼ੀ ਦਾ ਦੌਰ

10/16/2017 2:24:50 AM

ਕਪੂਰਥਲਾ, (ਭੂਸ਼ਣ)- ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਂਦੇ ਹੀ ਕਪੂਰਥਲਾ ਸ਼ਹਿਰ ਸਮੇਤ ਆਸ-ਪਾਸ ਦੇ ਖੇਤਰਾਂ 'ਚ ਚੱਲਣ ਲੱਗਾ ਜੂਏਬਾਜ਼ੀ ਦਾ ਦੌਰ। ਦੀਵਾਲੀ ਦੇ ਤਿਉਹਾਰ ਦੀ ਆੜ 'ਚ ਚੱਲਣ ਵਾਲੇ ਇਸ ਜੂਏਬਾਜ਼ੀ ਦੇ ਖੇਡ 'ਚ ਜਿਥੇ ਲੱਖਾਂ ਰੁਪਏ ਦੇ ਦਾਅ ਲੱਗ ਰਹੇ ਹਨ। ਉਥੇ ਹੀ ਜੂਏਬਾਜ਼ੀ ਦਾ ਇਹ ਦੌਰ ਕਈ ਪਾਸ਼ ਖੇਤਰਾਂ ਸਮੇਤ ਕਿਰਾਏ ਦੀਆਂ ਕੋਠੀਆਂ 'ਚ ਚੱਲ ਰਿਹਾ ਹੈ।   
ਕਈ ਪਾਸ਼ ਖੇਤਰਾਂ 'ਚ ਕਿਰਾਏ ਦੀਆਂ ਕੋਠੀਆਂ 'ਚ ਜੂਆ ਖੇਡ ਰਹੇ ਜੁਆਰੀ- ਦੀਵਾਲੀ ਦੇ ਤਿਉਹਾਰ ਦੀ ਆੜ 'ਚ ਕਪੂਰਥਲਾ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ 'ਚ ਜੂਏਬਾਜ਼ੀ ਦਾ ਦੌਰ ਕੋਈ ਨਵਾਂ ਨਹੀਂ ਹੈ। ਬੀਤੇ ਕਈ ਦਹਾਕਿਆਂ ਦੌਰਾਨ ਜੂਏਬਾਜ਼ੀ ਦੀ ਆਦਤ ਤੋਂ ਮਜਬੂਰ ਵੱਡੀ ਗਿਣਤੀ 'ਚ ਲੋਕ ਜਿਥੇ ਦੀਵਾਲੀ ਤਕ ਲਗਾਤਾਰ ਜੂਏਬਾਜ਼ੀ 'ਚ ਲੱਖਾਂ ਰੁਪਏ ਦੇ ਦਾਅ ਖੇਡਦੇ ਹਨ। ਉਥੇ ਹੀ ਅਜਿਹੇ ਲੋਕਾਂ ਨੇ ਪੁਲਸ ਤੋਂ ਬਚਣ ਲਈ ਸ਼ਹਿਰ ਦੀਆਂ ਕਈ ਪਾਸ਼ ਕਾਲੋਨੀਆਂ 'ਚ ਕੋਠੀਆਂ ਕਿਰਾਏ 'ਤੇ ਲੈ ਕੇ ਜੂਏਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ 'ਚ ਕੁਝ ਅਜਿਹੇ ਸਫੇਦਪੋਸ਼ ਲੋਕ ਸ਼ਾਮਲ ਹਨ, ਜੋ ਆਪਣੀਆਂ ਜੂਏਬਾਜ਼ੀ ਦੀਆਂ ਆਦਤਾਂ ਦੇ ਕਾਰਨ ਕਾਫ਼ੀ ਸੁਰਖੀਆਂ 'ਚ ਰਹਿ ਚੁੱਕੇ ਹਨ। ਜੇਕਰ ਪੁਲਸ ਰਿਕਾਰਡ ਵੱਲ ਨਜ਼ਰ ਮਾਰੀ ਜਾਵੇ ਤਾਂ ਬੀਤੇ ਇਕ ਦਹਾਕੇ ਦੌਰਾਨ ਜ਼ਿਲਾ ਪੁਲਸ 15 ਥਾਣਾ ਖੇਤਰਾਂ ਦੀ ਜੂਏਬਾਜ਼ੀ ਦੇ ਕਈ ਵੱਡੇ ਮਾਮਲੇ ਫੜ ਕਰਕੇ ਜਿਥੇ ਲੱਖਾਂ ਰੁਪਏ ਦੀ ਬਰਾਮਦਗੀ ਕਰ ਚੁੱਕੀ ਹੈ ਉਥੇ ਹੀ ਕਈ ਜੂਏਬਾਜ਼ਾਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਹੈ। ਇਸਦੇ ਬਾਵਜੂਦ ਵੀ ਜੂਏਬਾਜ਼ੀ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਇਸ ਨੇ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਪਾਸ਼ ਖੇਤਰਾਂ ਨੂੰ ਬਣਾ ਲਿਆ ਹੈ।   
ਕਈ ਖਾਂਦੇ-ਪੀਂਦੇ ਪਰਿਵਾਰ ਹੋ ਚੁੱਕੇ ਹਨ ਤਬਾਹ- ਜੂਏਬਾਜ਼ੀ ਦੀ ਮਾਰ 'ਚ ਫਸ ਕੇ ਖੇਤਰ ਨਾਲ ਸਬੰਧਤ ਕਈ ਅਜਿਹੇ ਖਾਂਦੇ-ਪੀਂਦੇ ਪਰਿਵਾਰ ਕੰਗਾਲੀ ਦੀ ਕਗਾਰ 'ਚ ਪਹੁੰਚ ਚੁੱਕੇ ਹਨ, ਜੋ ਕਦੇ ਵਧੀਆ ਕਾਰੋਬਾਰ ਚਲਾਉਂਦੇ ਸਨ ਪਰ ਜੂਏਬਾਜ਼ੀ ਦੀ ਗਲਤ ਆਦਤ ਨੇ ਉਨ੍ਹਾਂ ਨੂੰ ਇਸ ਕਦਰ ਕੰਗਾਲ ਕੀਤਾ ਹੈ ਕਿ ਹੁਣ ਉਨ੍ਹਾਂ ਲਈ ਆਪਣੇ ਪਰਿਵਾਰਾਂ ਲਈ ਰੋਜ਼ੀ ਰੋਟੀ ਚਲਾਉਣ ਦੇ ਲਾਲੇ ਪੈ ਗਏ ਹਨ ਇਨ੍ਹਾਂ 'ਚੋਂ ਕੁੱਝ ਲੋਕ ਤਾਂ ਆਰਥਿਕ ਤੰਗੀ ਦੇ ਕਾਰਨ ਸ਼ਹਿਰ ਵੀ ਛੱਡ ਚੁੱਕੇ ਹਨ ਪਰ ਇਸਦੇ ਬਾਵਜੂਦ ਵੀ ਜੂਏ ਦੀ ਖੇਡ 'ਚ ਲੱਗੇ ਜੂਏਬਾਜ਼ਾਂ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ।  


Related News