ਭਾਰਤੀ ਟੀਮ ਮਾਲਕ ’ਤੇ ਲੱਗਾ ਸ਼੍ਰੀਲੰਕਾਈ ਲੀਗ ’ਚ ਮੈਚ ਫਿਕਸਿੰਗ ਦਾ ਦੋਸ਼

Tuesday, Apr 23, 2024 - 09:21 PM (IST)

ਭਾਰਤੀ ਟੀਮ ਮਾਲਕ ’ਤੇ ਲੱਗਾ ਸ਼੍ਰੀਲੰਕਾਈ ਲੀਗ ’ਚ ਮੈਚ ਫਿਕਸਿੰਗ ਦਾ ਦੋਸ਼

ਕੋਲੰਬੋ– ਗੈਰ-ਅਧਿਕਾਰਤ ਲੀਜੈਂਡਸ ਕ੍ਰਿਕਟ ਲੀਗ ਵਿਚ ਇਕ ਟੀਮ ਦੇ ਮਾਲਕ ਤੇ ਭਾਰਤੀ ਨਾਗਰਿਕ ਯੋਨੀ ਪਟੇਲ ’ਤੇ ਉਸਦੇ ਹਮਵਤਨ ਪੀ. ਆਕਾਸ਼ ਦੇ ਨਾਲ ਮੈਚ ਫਿਕਸਿੰਗ ਲਈ ਦੋਸ਼ ਤੈਅ ਕੀਤੇ ਜਾ ਰਹੇ ਹਨ। ਕੋਲੰਬੋ ਮੈਜਿਸਟ੍ਰੇਟ ਅਦਾਲਤ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸ਼ੁੱਕਰਵਾਰ ਨੂੰ ਅਦਾਲਤ ਨੇ ਪਟੇਲ ਦੀ ਜਮਾਨਤ ਦੀ ਅਰਜੀ ਖਾਰਿਜ ਕਰ ਦਿੱਤੀ ਸੀ ਤੇ ਦੋਵਾਂ ’ਤੇ ਲਾਈ ਗਈ ਯਾਤਰਾ ਪਾਬੰਦੀ ਇਕ ਮਹੀਨੇ ਲਈ ਵਧਾ ਦਿੱਤੀ ਗਈ ਹੈ। ਇਨ੍ਹਾਂ ਭਾਰਤੀਆਂ ’ਤੇ ਲੀਜੈਂਡਸ ਕ੍ਰਿਕਟ ਲੀਗ ਵਿਚ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ, ਜਿਸਦਾ ਆਯੋਜਨ 8 ਤੋਂ 19 ਮਾਰਚ ਤਕ ਮੱਧ ਕੈਂਡੀ ਜ਼ਿਲੇ ਦੇ ਪੱਲੇਕੇਲੇ ਕੌਮਾਂਤਰੀ ਸਟੇਡੀਅਮ ਵਿਚ ਕੀਤਾ ਗਿਆ ਸੀ।
ਫਾਈਨਲ ਵਿਚ ਰਾਜਸਥਾਨ ਕਿੰਗਜ਼ ਨੇ ਨਿਊਯਾਰਕ ਸੁਪਰ ਸਟ੍ਰਾਈਕਰਸ ਨੂੰ ਹਰਾਇਆ ਸੀ। ਪਟੇਲ ਇਸ ਟੂਰਨਾਮੈਂਟ ਵਿਚ ਕੈਂਡੀ ਸਵੈਂਪ ਆਰਮੀ ਟੀਮ ਦਾ ਮਾਲਕ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੇ ਅੱਗੇ ਵਧਣ ਨਾਲ ਪੰਜਾਬ ਰਾਇਲਜ਼ ਦੇ ਮੈਨੇਜਰ ਆਕਾਸ਼ ’ਤੇ ਵੀ ਦੋਸ਼ ਤੈਅ ਕੀਤੇ ਜਾਣਗੇ। ਸ਼੍ਰੀਲੰਕਾ ਦੇ ਸਾਬਕਾ ਵਨ ਡੇ ਕਪਤਾਨ ਤੇ ਮੌਜੂਦਾ ਸਮੇਂ ਵਿਚ ਰਾਸ਼ਟਰੀ ਚੋਣਕਾਰਾਂ ਦੇ ਮੁਖੀ ਉਪਲ ਥਰੰਗਾ ਤੇ ਨਿਊਜ਼ੀਲੈਂਡ ਦੇ ਸਾਬਕਾ ਖਿਡਾਰੀ ਨੀਲ ਬਰੂਮ ਨੇ ਖੇਡ ਮੰਤਰਾਲਾ ਦੀ ਵਿਸ਼ੇਸ਼ ਜਾਂਚ ਇਕਾਈ ਤੋਂ ਪਟੇਲ ਤੇ ਆਕਾਸ਼ ਵੱਲੋਂ ਮੈਚਾਂ ਨੂੰ ਫਿਕਸ ਕਰਨ ਲਈ ਲੀਗ ਵਿਚ ਸਮਰੱਥਾ ਤੋਂ ਘੱਟ ਪ੍ਰਦਰਸ਼ਨ ਕਰਨ ਲਈ ਸੰਪਰਕ ਕਰਨ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਪਟੇਲ ਤੇ ਆਕਾਸ਼ ਦੇ ਜਾਂਚ ਪੂਰੀ ਹੋਣ ਤਕ ਦੇਸ਼ ਛੱਡਣ ’ਤੇ ਪਾਬੰਦੀ ਲਾ ਦਿੱਤੀ ਹੈ।
ਲੀਗ ਨੂੰ ਨਾ ਤਾਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਤੋਂ ਮਾਨਤਾ ਮਿਲੀ ਹੈ ਤੇ ਨਾ ਹੀ ਸ਼੍ਰੀਲੰਕਾ ਕ੍ਰਿਕਟ ਤੋਂ। ਸ਼੍ਰੀਲੰਕਾ ਖੇਡ ਵਿਚ ਮੈਚ ਫਿਕਸਿੰਗ ਤੇ ਭ੍ਰਿਸ਼ਟਾਚਾਰ ਨੂੰ ਅਪਰਾਧ ਦੀ ਸੂਚੀ ਵਿਚ ਪਾਉਣ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਸੀ ਜਦੋਂ ਉਸ ਨੇ 2019 ਵਿਚ ਇਸ ਖਤਰੇ ਵਿਰੁੱਧ ਕਾਨੂੰਨ ਪਾਸ ਕੀਤਾ ਸੀ। ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਸਾਲ ਤਕ ਦੀ ਜੇਲ ਹੋ ਸਕਦੀ ਹੈ ਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਇਸ ਕਾਨੂੰਨ ਦੇ ਤਹਿਤ ਭ੍ਰਿਸ਼ਟਾਟਾਰ ਲਈ ਸੰਪਰਕ ਦੇ ਬਾਰੇ ਵਿਚ ਜਾਣਕਾਰੀ ਦੇਣ ਵਿਚ ਅਸਫਲ ਰਹਿਣ ’ਤੇ ਵੀ ਸਜ਼ਾ ਦਾ ਕਾਨੂੰਨ ਹੈ।


author

Aarti dhillon

Content Editor

Related News