ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ, ਨੌਜਵਾਨ ਦੇ ਮੱਥੇ ’ਤੇ ਲੱਗੇ 13 ਟਾਂਕੇ
Monday, Jan 02, 2023 - 12:50 AM (IST)
ਗੋਰਾਇਆ (ਮੁਨੀਸ਼) : ਇਲਾਕੇ ’ਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਇਸ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਰਿਹਾ ਹੈ ਪਰ ਗੁਰਾਇਆ ਦਾ ਪੁਲਸ ਪ੍ਰਸ਼ਾਸਨ ਇਸ ਜਾਨਲੇਵਾ ਡੋਰ ਤੇ ਨੱਥ ਪਾਉਣ ’ਚ ਫੇਲ੍ਹ ਸਾਬਤ ਹੋ ਰਿਹਾ ਹੈ। ਸ਼ਰੇਆਮ ਦੁਕਾਨਾਂ ਤੇ ਪਿੰਡਾਂ ’ਚ ਇਹ ਡੋਰ ਬਿਨਾਂ ਕਿਸੇ ਡਰ ਤੋਂ ਵੇਚੀ ਜਾ ਰਹੀ ਹੈ।
ਇਹ ਵੀ ਪੜ੍ਹੋ ; ਨਵੇਂ ਸਾਲ ਦੇ ਜਸ਼ਨ ਦੌਰਾਨ ਦਿੱਲੀ ’ਚ ਦਿਲ ਹਲੂਣ ਦੇਣ ਵਾਲੀ ਘਟਨਾ, ਕੁੜੀ ਨੂੰ ਘੜੀਸ ਕੇ ਲੈ ਗਏ ਕਾਰ ਸਵਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੁੜਕਾ ਖੁਰਦ ਦੇ ਰਹਿਣ ਵਾਲੇ 30 ਸਾਲਾ ਸੁਰਮੂ ਪੁੱਤਰ ਰੋਸ਼ਨਦੀਨ ਨੇ ਦੱਸਿਆ ਕਿ ਉਹ ਫਗਵਾੜਾ ਤੋਂ ਆਪਣੇ ਬੇਟੇ ਦੀ ਦਵਾਈ ਲੈ ਕੇ ਦੋਸਤ ਨਾਲ ਮੋਟਰਸਾਈਕਲ ’ਤੇ ਆ ਰਿਹਾ ਸੀ। ਮੋਟਰਸਾਈਕਲ ਉਹ ਚਲਾ ਰਿਹਾ ਸੀ, ਜਦੋਂ ਉਹ ਗੋਹਾਵਰ ਪਿੰਡ ਤੋਂ ਅੱਗੇ ਆਇਆ ਤਾਂ ਚਾਈਨਾ ਡੋਰ ਉਸ ਦੇ ਮੱਥੇ, ਹੱਥ ’ਚ ਫਸ ਗਈ। ਉਸ ਨੇ ਦੱਸਿਆ ਕਿ ਠੰਡ ਹੋਣ ਕਰ ਕੇ ਮੋਟਰਸਾਈਕਲ ਦੀ ਸਪੀਡ ਬਹੁਤ ਘੱਟ ਸੀ।
ਇਹ ਵੀ ਪੜ੍ਹੋ : ਰਾਜੌਰੀ ’ਚ ਅੱਤਵਾਦੀ ਹਮਲਾ; 3 ਨਾਗਰਿਕਾਂ ਦੀ ਮੌਤ, 10 ਜ਼ਖ਼ਮੀ
ਉਸ ਨੇ ਹੱਥਾਂ ’ਚ ਦਸਤਾਨੇ, ਸਿਰ ਤੇ ਟੋਪੀ ਤੇ ਜੈਕਟ ਦੀ ਟੋਪੀ ਪਾਈ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਇਹ ਜਾਨਲੇਵਾ ਡੋਰ ਟੋਪੀਆਂ ਚੀਰਦੀ ਹੋਈ ਉਸ ਦੇ ਮੱਥੇ ਤੇ ਅੱਖ ਕੋਲ ਫਿਰ ਗਈ, ਜਿਸ ਨਾਲ ਉਸ ਦੇ ਮੱਥੇ ’ਤੇ 13 ਟਾਂਕੇ ਲੱਗੇ ਹਨ, ਜਦਕਿ ਉਸ ਦੇ ਹੱਥ ਦੇ ਅੰਗੂਠੇ ਤੇ ਉਂਗਲਾਂ ’ਤੇ ਵੀ ਇਹ ਡੋਰ ਫ਼ਿਰ ਗਈ ਹੈ। ਉਨ੍ਹਾਂ ਕਿਹਾ ਕਿ ਇਹ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪੁਲਸ ਪ੍ਰਸ਼ਾਸਨ ਛਾਪੇਮਾਰੀ ਕਰ ਕੇ ਸਖ਼ਤ ਕਾਰਵਾਈ ਕਰੇ।