ਫੂਡ ਸੇਫਟੀ ਟੀਮ ਨੇ ਵੱਖ-ਵੱਖ ਵਪਾਰਕ ਇਲਾਕਿਆਂ ''ਚੋਂ ਖਾਧ ਸਮੱਗਰੀ ਦੇ ਸੈਂਪਲ ਕੀਤੇ ਇਕੱਠੇ
Wednesday, Oct 08, 2025 - 02:39 AM (IST)

ਲੁਧਿਆਣਾ (ਸੁਧੀਰ) : ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਪਾਰਕ ਇਲਾਕਿਆਂ ਵਿੱਚ ਖੁਰਾਕ ਦੀ ਗੁਣਵੱਤਾ ਦੀ ਜਾਂਚ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਤੱਕ ਪਹੁੰਚ ਰਹੀ ਖੁਰਾਕ ਦੀ ਸੁਰੱਖਿਆ ਅਤੇ ਮਿਆਰਾਂ ਨੂੰ ਯਕੀਨੀ ਬਣਾਉਣਾ ਸੀ, ਤਾਂ ਜੋ ਗੈਰ-ਮਿਆਰੀ ਜਾਂ ਮਿਲਾਵਟੀ ਖਾਦ ਪਦਾਰਥਾਂ ਦੀ ਵਿਕਰੀ ‘ਤੇ ਪ੍ਰਭਾਵਸ਼ਾਲੀ ਰੋਕ ਲਗਾਈ ਜਾ ਸਕੇ।
ਇਹ ਵੀ ਪੜ੍ਹੋ : ਨਿੱਜੀ ਹਸਪਤਾਲ 'ਚ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਡਾਕਟਰਾਂ 'ਤੇ ਲੱਗੇ ਗੰਭੀਰ ਇਲਜ਼ਾਮ
ਇਸ ਦੌਰਾਨ ਟੀਮ ਵੱਲੋਂ ਕੁੱਲ ਅੱਠ ਸੈਂਪਲ ਇਕੱਠੇ ਕੀਤੇ ਗਏ, ਜੋ ਕਿ ਫਿਰੋਜ਼ ਗਾਂਧੀ ਮਾਰਕੀਟ, ਸ਼ਾਮ ਨਗਰ, ਫੀਲਡ ਗੰਜ, ਕੇਸਰ ਗੰਜ ਮੰਡੀ ਅਤੇ ਸਾਬੁਨ ਬਜ਼ਾਰ ਸਮੇਤ ਸ਼ਹਿਰ ਦੇ ਭੀੜ-ਭਾੜ ਵਾਲੇ ਖੇਤਰਾਂ ਤੋਂ ਲਏ ਗਏ। ਇਹ ਸੈਂਪਲ ਪਨੀਰ, ਘੀ, ਸਕਿਮਡ ਮਿਲਕ ਪਾਊਡਰ, ਕ੍ਰੀਮ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਘੀ ਵਰਗੀਆਂ ਆਮ ਵਰਤੋਂ ਦੀਆਂ ਚੀਜ਼ਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਦੀ ਮੰਗ ਤਿਉਹਾਰੀ ਮੌਸਮ ਵਿੱਚ ਹੋਰ ਵੱਧ ਜਾਂਦੀ ਹੈ। ਸਾਰੇ ਸੈਂਪਲਾਂ ਨੂੰ ਵਿਗਿਆਨਕ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬੋਰਟਰੀ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਦੀ ਜਾਂਚ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਜਨਤਾ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਗੁਣਵੱਤਾ ਵਾਲੀ ਖੁਰਾਕ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਖੁਰਾਕ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦੀ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਜਿਨ੍ਹਾਂ ਸੈਂਪਲਾਂ ਵਿੱਚ ਗੁਣਵੱਤਾ ਦੀ ਕਮੀ ਪਾਈ ਜਾਵੇਗੀ, ਉਨ੍ਹਾਂ ਖ਼ਿਲਾਫ਼ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸ੍ਰੀ ਹੇਮਕੁੰਟ ਸਾਹਿਬ ’ਚ 3 ਫੁੱਟ ਬਰਫ, SDRF ਨੇ 6 km ਟ੍ਰੈਕ ’ਤੇ ਕੀਤਾ ਰੈਸਕਿਊ
ਡਾ. ਰਮਨਦੀਪ ਕੌਰ ਨੇ ਸਾਰੇ ਖਾਦ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲਾ ਮਾਲ ਵਰਤਣ, ਆਪਣੇ ਉਤਪਾਦਾਂ ਦੀ ਸਫਾਈ ਅਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਆਪਣੀਆਂ ਵਰਕਸ਼ਾਪਾਂ ਤੇ ਦੁਕਾਨਾਂ ਨੂੰ ਸਿਹਤਮੰਦ ਹਾਲਤ ਵਿੱਚ ਰੱਖਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਦੁਕਾਨਦਾਰ ਆਪਣੇ ਫੂਡ ਸੇਫਟੀ ਲਾਇਸੈਂਸ ਨੂੰ ਦੁਕਾਨ ਦੇ ਪ੍ਰਮੁੱਖ ਸਥਾਨ ‘ਤੇ ਸਪਸ਼ਟ ਤੌਰ ‘ਤੇ ਪ੍ਰਦਰਸ਼ਿਤ ਕਰੇ, ਤਾਂ ਜੋ ਉਪਭੋਗਤਾ ਨੂੰ ਪਤਾ ਰਹੇ ਕਿ ਉਹ ਮਨਜ਼ੂਰਸ਼ੁਦਾ ਤੇ ਸੁਰੱਖਿਅਤ ਸਥਾਨ ਤੋਂ ਖੁਰਾਕ ਖਰੀਦ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਜਿਹੀਆਂ ਨਿਰੰਤਰ ਨਿਗਰਾਨੀ ਤੇ ਸੈਂਪਲਿੰਗ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ। ਇਸ ਰਾਹੀਂ ਨਾ ਸਿਰਫ਼ ਮਿਲਾਵਟਖੋਰੀ ‘ਤੇ ਰੋਕ ਲੱਗੇਗੀ, ਸਗੋਂ ਲੋਕਾਂ ਵਿੱਚ ਸੁਰੱਖਿਅਤ ਤੇ ਸਿਹਤਮੰਦ ਖੁਰਾਕ ਲਈ ਜਾਗਰੂਕਤਾ ਵੀ ਵਧੇਗੀ। ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਨਿਯਮਤ ਤੌਰ ‘ਤੇ ਨਿਰੀਖਣ ਕਰਕੇ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡਜ ਅਥਾਰਟੀ ਆਫ ਇਡਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8