UAE ’ਚ ਫਸੇ 177 ਪੰਜਾਬੀਆਂ ਨੂੰ ਲੈ ਕੇ ਪਹਿਲੀ ਚਾਰਟਰਡ ਉਡਾਣ ਪੁੱਜੀ ਵਤਨ
Thursday, Jul 09, 2020 - 12:15 AM (IST)
ਮੋਹਾਲੀ,(ਪਰਦੀਪ)- ਬਿਨਾਂ ਪੈਸਾ ਇਕੱਠਾ ਕੀਤਿਆਂ ਆਪਣੀ ਨਿੱਜੀ ਕਮਾਈ ਦਾ 98 ਫ਼ੀਸਦੀ ਹਿੱਸਾ ਭਾਵ ਕਰੋੜਾਂ ਰੁਪਏ ਖਰਚ ਕੇ ਅਰਬ ਦੇਸ਼ਾਂ ’ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਲਿਆਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਇਕ ਵਾਰ ਫਿਰ ਆਪਣੇ ਕਹੇ ਬੋਲ ਪੁਗਾਉਂਦਿਆਂ ਯੂ. ਏ. ਈ. ਅੰਦਰ ਫਸੇ ਹਜ਼ਾਰਾਂ ਭਾਰਤੀਆਂ ’ਚੋਂ 177 ਲੋਕਾਂ ਨੂੰ ਆਪਣੇ ਖਰਚੇ ’ਤੇ ਬੁੱਕ ਕੀਤੇ ਪਹਿਲੇ ਵਿਸ਼ੇਸ਼ ਚਾਰਟਰਡ ਜਹਾਜ਼ ਰਾਹੀਂ ਵਤਨ ਲਿਆ ਕੇ ਸੇਵਾ ਦੇ ਖੇਤਰ ਅੰਦਰ ਇਕ ਵਾਰ ਮੁੜ ਇਤਿਹਾਸ ਸਿਰਜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਣ ਪੈਦਾ ਹੋਏ ਹਾਲਾਤਾਂ ਕਾਰਣ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ, ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਦੇ ਹਨ, ਜਿਨ੍ਹਾਂ ’ਚੋਂ ਇਕ ਉਹ ਲੋਕ ਹਨ, ਜੋ ਦੁਬਈ ’ਚ ਘੁੰਮਣ ਲਈ ਗਏ ਸਨ ਪਰ ਉੱਥੇ ਫਸ ਗਏ। ਉਨ੍ਹਾਂ ਕਿਹਾ ਕਿ ਇਹ ਵਰਗ ਤਾਂ ਆਪਣੇ ਕੋਲੋਂ ਸਾਰੇ ਪੈਸੇ ਖਰਚ ਕੇ ਵਾਪਸ ਆਉਣ ਦੇ ਸਮਰੱਥ ਹੈ। ਦੂਜਾ ਵਰਗ ਉਹ ਹੈ ਜੋ ਉੱਥੇ ਵੱਡੀਆਂ ਕੰਪਨੀਆਂ ’ਚ ਕੰਮ ਕਰਨ ਵਾਲੇ ਕਾਮੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕੰਪਨੀਆਂ ਹੀ ਆਪਣੇ ਖਰਚ ’ਤੇ ਵਾਪਸ ਭੇਜਣ ਲਈ ਤਿਆਰ ਹਨ ਅਤੇ ਤੀਜਾ ਵਰਗ ਉਹ ਹੈ ਜੋ ਵਾਪਸ ਆਉਣ ਲਈ ਆਪਣੇ ਕੋਲੋਂ ਵੀ 25 ਤੋਂ 50 ਫੀਸਦੀ ਖਰਚ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਦ ਕਿ ਚੌਥਾ ਵਰਗ ਜੋ ਸਭ ਤੋਂ ਵੱਧ ਗਿਣਤੀ ਭਾਵ ਹਜ਼ਾਰਾਂ ’ਚ ਹੈ, ਉਹ ਅਜਿਹੇ ਕਾਮੇ ਹਨ ਜੋ ਕੋਰੋਨਾ ਮਹਾਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਣ ਸੜਕਾਂ ’ਤੇ ਆ ਚੁੱਕੇ ਹਨ, ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਆਪਣੇ ਖਰਚ ’ਤੇ ਬੁੱਕ ਕਰਵਾਈਆਂ 4 ਵਿਸ਼ੇਸ਼ ਉਡਾਣਾਂ ’ਚੋਂ ਪਹਿਲੀ ਚਾਰਟਰਡ ਉਡਾਣ ਜੋ ਬੀਤੀ ਰਾਤ ਰਾਸ ਅਲ ਖੇਮਾ (ਯੂ. ਏ. ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ’ਤੇ ਪਹੁੰਚੀ ਸੀ, ਉਸ ਰਾਹੀਂ 177 ਪੰਜਾਬੀਆਂ ਨੂੰ ਵਾਪਸ ਲਿਆਉਣ ਉਪਰੰਤ ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਜ਼ਿਲਿਆਂ ਅੰਦਰ ਭੇਜ ਦਿੱਤਾ ਗਿਆ ਹੈ। ਇਸ ਉਡਾਣ ਰਾਹੀਂ ਆਏ ਲੋਕ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਬਰਨਾਲਾ ਅਤੇ ਬਠਿੰਡਾ ਜ਼ਿਲੇ ਨਾਲ ਸਬੰਧਤ ਸਨ।
ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਬੁੱਕ ਕਰਵਾਏ ਗਏ ਚਾਰਟਰਡ ਜਹਾਜ਼ਾਂ ’ਚੋਂ ਅਗਲੀ ਭਾਵ ਦੂਜੀ ਫਲਾਈਟ 13 ਜੁਲਾਈ ਨੂੰ ਅੰਮ੍ਰਿਤਸਰ, ਤੀਜੀ 19 ਜੁਲਾਈ ਨੂੰ ਮੁੜ ਚੰਡੀਗੜ੍ਹ ਜਦ ਕਿ ਚੌਥੀ ਫਲਾਈਟ 25 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਫਲਾਈਟਾਂ ਲਈ ਉੱਥੇ ਫਸੇ ਲੋਕਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਦੁਬਈ ਸਥਿਤ ਦਫਤਰ ਵਿਖੇ ਆਪਣੇ ਨਾਂ ਰਜਿਸਟਰਡ ਕਰਵਾ ਲਏ ਹਨ।