ਜ਼ਮੀਨੀ ਝਗੜੇ ਨੂੰ ਲੈ ਕੇ 72 ਸਾਲਾ ਬਜ਼ੁਰਗ ਨੂੰ ਡੰਡਿਆਂ ਨਾਲ ਕੁੱਟਿਆ

Saturday, Sep 05, 2026 - 10:43 AM (IST)

ਜ਼ਮੀਨੀ ਝਗੜੇ ਨੂੰ ਲੈ ਕੇ 72 ਸਾਲਾ ਬਜ਼ੁਰਗ ਨੂੰ ਡੰਡਿਆਂ ਨਾਲ ਕੁੱਟਿਆ

ਅਬੋਹਰ (ਸ. ਹ.) : ਨੇੜਲੇ ਪਿੰਡ ਗਿੱਦੜਾਂਵਾਲੀ ’ਚ ਜ਼ਮੀਨੀ ਝਗੜੇ ਨੂੰ ਲੈ ਕੇ 72 ਸਾਲਾ ਬਜ਼ੁਰਗ ਨੂੰ ਕਥਿਤ ਤੌਰ ’ਤੇ ਡੰਡਿਆਂ ਨਾਲ ਕੁੱਟਿਆ ਗਿਆ। ਜ਼ਖਮੀ ਵਿਅਕਤੀ ਨੂੰ ਉਸ ਦੇ ਪਰਿਵਾਰ ਨੇ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੇ ਸਰੀਰ ’ਤੇ ਅੱਠ ਸੱਟਾਂ ਦੱਸੀਆਂ। ਮਾਮਲੇ ਦੀ ਰਿਪੋਰਟ ਸਿਟੀ ਪੁਲਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗਿੱਦੜਾਂਵਾਲੀ ਪਿੰਡ ਵਾਸੀ ਸੁਰਜੀਤ ਸਿੰਘ ਉਰਫ਼ ਪੱਪੂ ਪੁੱਤਰ ਠਾਕੁਰਦਾਸ ਦੇ ਚਾਰ ਪੁੱਤਰ ਹਨ। ਪਰਿਵਾਰ ਅਨੁਸਾਰ ਹਰੇਕ ਪੁੱਤਰ ਨੂੰ ਜ਼ਮੀਨ ਦਾ ਆਪਣਾ ਹਿੱਸਾ ਦਿੱਤਾ ਗਿਆ ਹੈ। ਦੋਸ਼ ਹੈ ਕਿ ਵੱਡਾ ਪੁੱਤਰ ਛਿੰਦਾ ਸਿੰਘ ਆਪਣੇ ਪਿਤਾ ਦੇ ਹਿੱਸੇ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਕਾਰਨ ਪਰਿਵਾਰ ’ਚ ਝਗੜਾ ਚਲ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਅੱਜ ਦੁਪਹਿਰ ਛਿੰਦਾ ਸਿੰਘ ਨੇ ਆਪਣੀ ਪਤਨੀ ਸੀਮਾ ਨਾਲ ਮਿਲ ਕੇ ਸੁਰਜੀਤ ਸਿੰਘ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਦੋਸ਼ ਹੈ ਕਿ ਦੋਵਾਂ ਨੇ ਬਜ਼ੁਰਗ ਨੂੰ ਕਾਫੀ ਦੇਰ ਤੱਕ ਕੁੱਟਿਆ। ਇਸ ਦੌਰਾਨ ਉਸ ਦਾ ਛੋਟਾ ਪੁੱਤਰ ਦਰਸ਼ਨ ਸਿੰਘ ਮੌਕੇ ’ਤੇ ਪਹੁੰਚਿਆ ਅਤੇ ਨੇੜਲੇ ਲੋਕਾਂ ਦੀ ਮਦਦ ਨਾਲ ਬਜ਼ੁਰਗ ਵਿਅਕਤੀ ਨੂੰ ਬਚਾਇਆ ਅਤੇ ਸਰਕਾਰੀ ਹਸਪਤਾਲ ਲੈ ਗਿਆ। ਹਸਪਤਾਲ ’ਚ ਉਸ ਦਾ ਇਲਾਜ ਕਰ ਰਹੇ ਡਾਕਟਰ ਦੇ ਅਨੁਸਾਰ ਬਜ਼ੁਰਗ ਵਿਅਕਤੀ ਦੇ ਸਰੀਰ ’ਤੇ ਲੱਗਭਗ ਅੱਠ ਥਾਵਾਂ ’ਤੇ ਸੱਟਾਂ ਲੱਗੀਆਂ ਹਨ। ਜ਼ਖਮਾਂ ਦੀ ਗੰਭੀਰਤਾ ਐਕਸ-ਰੇ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗੀ। ਪੁਲਸ ਅਧਿਕਾਰੀਆਂ ਦੇ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਅਤੇ ਐਕਸ-ਰੇ ਰਿਪੋਰਟਾਂ ਮਿਲਣ ਤੋਂ ਬਾਅਦ ਤੱਥਾਂ ਦੇ ਆਧਾਰ ’ਤੇ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ, ਉਸ ਨੂੰ ਅਮਲ ’ਚ ਲਿਆਂਦਾ ਜਾਵੇਗਾ।
 


author

Babita

Content Editor

Related News