ਖਸਤਾਹਾਲ ਛੱਤਾਂ ਹੇਠਾਂ ਡਰ ਦੇ ਸਾਏ ''ਚ ਰਹਿ ਰਿਹੈ ਪਰਿਵਾਰ

Monday, Sep 04, 2017 - 04:37 AM (IST)

ਕਾਠਗੜ੍ਹ- ਕਾਠਗੜ੍ਹ ਦੇ ਨੇੜਲੇ ਪਿੰਡ ਮੁਤੋਂ ਦੇ ਇਕ ਅਤਿ ਗਰੀਬ ਪਰਿਵਾਰ ਨੇ ਘਰ ਦੀਆਂ ਛੱਤਾਂ ਦੀ ਹਾਲਤ ਸੁਧਾਰਨ ਲਈ ਵਾਰ-ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਪਰ ਕਿਸੇ ਤੋਂ ਵੀ ਮਦਦ ਦੀ ਉਮੀਦ ਨਾ ਜਾਗੀ, ਜਿਸ ਕਾਰਨ ਪਰਿਵਾਰਕ ਮੈਂਬਰ ਹਰ ਵੇਲੇ ਡਰ ਦੇ ਸਾਏ 'ਚ ਦਿਨ ਕੱਟੀ ਕਰ ਰਹੇ ਹਨ। ਪਿੰਡ ਮੁੱਤੋਂ ਦੇ ਵਾਸੀ ਬਜ਼ੁਰਗ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੀਆਂ ਛੱਤਾਂ ਦੀ ਹਾਲਤ ਬੀਤੇ ਕਈ ਸਾਲਾਂ ਤੋਂ ਬਹੁਤ ਖਸਤਾ ਹੈ ਤੇ ਸੀਮੈਂਟ ਆਪਣੇ ਆਪ ਡਿੱਗਦਾ ਰਹਿੰਦਾ ਹੈ, ਜਦਕਿ ਹੁਣ ਤਾਂ ਸਰੀਆ ਵੀ ਬਾਹਰ ਆ ਗਿਆ ਹੈ।
40-45 ਸਾਲ ਪਹਿਲਾਂ ਉਸ ਨੇ ਮਕਾਨ 'ਤੇ ਲੈਂਟਰ ਪਾਇਆ ਸੀ, ਜੋ ਹੁਣ ਪੂਰੀ ਤਰ੍ਹਾਂ ਖਸਤਾ ਹੋ ਗਿਆ ਹੈ। ਘਰ 'ਚ ਉਸ ਦੀ ਬਜ਼ੁਰਗ ਪਤਨੀ, ਇਕ ਲੜਕੀ ਤੇ ਲੜਕਾ ਹੈ। ਉਸ ਦਾ ਲੜਕਾ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ, ਜਦਕਿ ਉਹ ਖੁਦ ਅੱਖਾਂ ਦੀ ਰੌਸ਼ਨੀ ਘੱਟ ਤੇ ਬਜ਼ੁਰਗ ਹੋਣ ਕਾਰਨ ਕੋਈ ਉਪਰਾਲਾ ਕਰਨ ਤੋਂ ਅਸਮਰੱਥ ਹੈ। ਪਿਛਲੇ ਸਮੇਂ ਦੌਰਾਨ ਕਈ ਵਾਰ ਉਸ ਨੇ ਜ਼ਿਲਾ ਪ੍ਰਸ਼ਾਸਨ ਤੇ ਬੀ. ਡੀ. ਪੀ. ਓ. ਬਲਾਚੌਰ ਨੂੰ ਮਦਦ ਦੀ ਅਪੀਲ ਕੀਤੀ ਪਰ ਕੋਈ ਵੀ ਅਰਜ਼ੀ ਕੰਮ ਨਾ ਆਈ।
ਮੀਂਹ ਕਾਰਨ ਛੱਤਾਂ ਤੋਂ ਪਾਣੀ ਚੋਂਦਾ ਰਹਿੰਦਾ ਹੈ। ਇਕ ਵਾਰ ਤਾਂ ਰਾਤ ਨੂੰ ਸੌਂਦੇ ਸਮੇਂ ਉਸ 'ਤੇ ਸੀਮੈਂਟ ਡਿੱਗਣ ਕਾਰਨ ਸੱਟ ਵੀ ਲੱਗ ਗਈ ਸੀ। ਸਰਕਾਰਾਂ ਖਸਤਾਹਾਲ ਮਕਾਨਾਂ ਤੇ ਬੇਘਰਾਂ ਨੂੰ ਮਕਾਨਾਂ ਲਈ ਮਾਲੀ ਮਦਦ ਦੀਆਂ ਗੱਲਾਂ ਤਾਂ ਬਹੁਤ ਕਰਦੀਆਂ ਹਨ ਪਰ ਅਸੀਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਾਂ, ਫਿਰ ਵੀ ਕਿਸੇ ਨੇ ਬਾਂਹ ਨਹੀਂ ਫੜੀ। ਉਸ ਨੇ ਮੁੜ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਖਸਤਾਹਾਲ ਮਕਾਨ ਲਈ ਮਦਦ ਕੀਤੀ ਜਾਵੇ ਤਾਂ ਜੋ ਉਹ ਬੇਖੌਫ ਘਰ 'ਚ ਰਹਿ ਸਕਣ।


Related News