ਇਸ ਦੀਵਾਲੀ ਦੀਵਿਆਂ ਮੂਹਰੇ ਚੀਨੀ ਲੜੀਆਂ ਦੀ ਲੋਅ ਮੱਧਮ ਪੈਣ ਦੀ ਆਸ

10/12/2017 7:01:23 AM

ਸੁਲਤਾਨਪੁਰ ਲੋਧੀ, (ਧੀਰ)- ਭਾਰਤ ਤੇ ਚੀਨ ਵਿਚਾਲੇ ਚੱਲ ਰਹੀ ਖਿੱਚੋਤਾਣ ਤੇ ਭਾਰਤੀਆਂ ਵੱਲੋਂ ਸਵਦੇਸ਼ੀ ਸਾਮਾਨ ਵਰਤੇ ਜਾਣ ਦੀ ਪੈਰਵੀ ਇਸ ਵਾਰ ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ ਦਾ ਕਾਰੋਬਾਰ ਕਰਨ ਵਾਲੇ ਕਾਰੀਗਰਾਂ ਲਈ ਨਵੀਂ ਰੌਸ਼ਨੀ ਲੈ ਕੇ ਆ ਸਕਦੀ ਹੈ, ਜੇਕਰ ਲੋਕਾਂ ਵੱਲੋਂ ਚੀਨੀ ਵਸਤੂਆਂ ਵੱਲ ਇਵੇਂ ਹੀ ਮਨ-ਮੁਟਾਵ ਰੱਖਿਆ ਗਿਆ ਤਾਂ ਇਸ ਵਾਰ ਲੋਕਾਂ ਦੇ ਬਨੇਰਿਆਂ 'ਤੇ ਸਰੋਂ੍ਹ ਦੇ ਤੇਲ ਵਾਲੇ ਮਿੱਟੀ ਦੇ ਦੀਵੇ ਰੌਸ਼ਨੀਆਂ ਬਿਖੇਰਨਗੇ।
 ਮਿੱਟੀ ਦੇ ਦੀਵਿਆਂ ਦੀ ਵਿਕਰੀ ਚੰਗੀ ਰਹਿਣ ਦੀ ਆਸ 'ਚ ਹੀ ਪ੍ਰਜਾਪਤ ਜਾਤੀ ਦੇ ਲੋਕਾਂ ਨੇ ਸਾਮਾਨ ਤਿਆਰ ਕਰਨ ਲਈ ਦਿਨ-ਰਾਤ ਇਕ ਕਰ ਰੱਖੀ ਹੈ। ਮਿੱਟੀ ਦੇ ਦੀਵੇ ਤੇ ਬਰਤਨ ਬਣਾਉਣ ਵਾਲੇ ਸੋਮਦੱਤ ਨੇ ਦੱਸਿਆ ਕਿ ਕਈ ਸਾਲਾਂ ਤੋਂ ਦੀਵਾਲੀ ਮੌਕੇ ਉਨ੍ਹਾਂ ਦੇ ਸਾਮਾਨ ਦੀ ਵਿਕਰੀ ਕਾਫੀ ਘਟ ਗਈ ਸੀ। ਇਸ ਦਾ ਵੱਡਾ ਕਾਰਨ ਚੀਨ ਤੋਂ ਆ ਰਹੀਆਂ ਰੰਗ-ਬਿਰੰਗੀਆਂ ਬਿਜਲਈ ਲੜੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਚੀਨ ਤੇ ਭਾਰਤ ਦਰਮਿਆਨ ਵਿਵਾਦ ਚੱਲ ਰਿਹਾ ਹੈ ਤਾਂ ਲੋਕਾਂ ਵੱਲੋਂ ਵਿਦੇਸ਼ਾਂ ਦੀ ਬਜਾਏ ਸਵਦੇਸ਼ੀ ਸਾਮਾਨ ਦੀ ਖਰੀਦੋ-ਫਰੋਖਤ ਕਰਨ ਲਈ ਕਿਹਾ ਜਾ ਰਿਹਾ ਹੈ, ਅਜਿਹੇ ਸਮੇਂ ਚਾਹੇ ਬਾਜ਼ਾਰਾਂ 'ਚ ਲੜੀਆਂ ਤਾਂ ਇਸ ਵਾਰ ਵੀ ਕਾਫੀ ਮਾਤਰਾ 'ਚ ਆਈਆਂ ਹਨ ਪਰ ਲੋਕਾਂ ਵੱਲੋਂ ਇਨ੍ਹਾਂ ਦੀ ਖਰੀਦ ਕਾਫੀ ਘੱਟ ਕੀਤੇ ਜਾਣ ਦੀ ਆਸ ਹੈ।
ਰਵਿੰਦਰ ਨੇ ਦੱਸਿਆ ਕਿ ਇਸ ਵਾਰ ਚੰਗੇ ਕਾਰੋਬਾਰ ਦੀ ਆਸ 'ਚ ਵੀਹ ਸਤੰਬਰ ਤੋਂ ਇਕੱਲੇ ਦੀਵੇ ਬਣਾਉਣ ਦਾ ਕੰਮ ਆਰੰਭਿਆ ਹੋਇਆ ਹੈ। ਇਸ ਵਾਰ ਦੀਵਾਲੀ ਮੌਕੇ ਵਿਸ਼ੇਸ਼ ਤੌਰ 'ਤੇ ਜਗਾਈਆਂ ਜਾਂਦੀਆਂ ਘਰੁੰਡੀਆਂ ਤੇ ਹੋਰ ਸਾਮਾਨ ਵੀ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸਲ ਦੀਵਾਲੀ ਤਾਂ ਮਿੱਟੀ ਦੇ ਦੀਵਿਆਂ ਦੀ ਹੀ ਹੁੰਦੀ ਹੈ, ਜਿਹੜੇ ਕੁਝ ਸਮੇਂ ਲਈ ਰੌਸ਼ਨੀਆਂ ਬਿਖੇਰਨ ਦਾ ਕੰਮ ਕਰ ਕੇ ਆਪਣੇ ਆਪ ਹੀ ਬੁਝ ਜਾਂਦੇ ਹਨ ਪਰ ਹੁਣ ਨਵੇਂ ਜ਼ਮਾਨੇ ਦੇ ਨਵੇਂ ਢੰਗਾਂ ਕਰ ਕੇ ਕਈ ਦਿਨ ਬਿਜਲਈ ਲੜੀਆਂ ਜਗਦੀਆਂ ਹਨ।
 ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵਾਰ ਸਾਨੂੰ ਦੀਵਾਲੀ ਮੌਕੇ ਸਵਦੇਸ਼ੀ ਸਾਮਾਨ ਦੀ ਵਰਤੋਂ ਕਰ ਕੇ ਦੇਸ਼ ਦਾ ਸਰਮਾਇਆ ਦੇਸ਼ 'ਚ ਹੀ ਰੱਖਣਾ ਚਾਹੀਦਾ ਹੈ।
ਕੀ ਕਹਿੰਦੇ ਹਨ ਪ੍ਰਜਾਪਤ ਜਾਤੀ ਦੇ ਲੋਕ  
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਕਰੀਬ 40 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਮਿੱਟੀ ਦੇ ਬਰਤਨ, ਦੀਵੇ ਆਦਿ ਬਣਾਉਣ ਵਾਲੇ ਰਾਕੇਸ਼ ਦਾ ਕਹਿਣਾ ਹੈ ਕਿ ਹੁਣ ਜਦੋਂ ਹਰੇਕ ਵਸਤੂ ਮਹਿੰਗੀ ਹੋ ਗਈ ਹੈ ਤੇ ਮਿੱਟੀ ਦੇ ਬਰਤਨ ਤੇ ਦੀਵੇ ਬਣਾਉਣ ਲਈ ਵੀ ਸਾਨੂੰ ਬਹੁਤ ਮਿਹਨਤ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ 'ਚ ਚੀਨੀ ਸਾਮਾਨ ਦੀ ਵਿਕਰੀ ਨੇ ਉਨ੍ਹਾਂ ਦੀ ਰੋਟੀ-ਰੋਜ਼ੀ 'ਤੇ ਕਾਫੀ ਅਸਰ ਪਾਇਆ ਹੈ, ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਨੇ ਇਸ ਕੰਮ ਤੋਂ ਤੌਬਾ ਕਰ ਕੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਪਰਜਾਪਤ ਜਾਤੀ ਦੇ ਲੋਕਾਂ ਨੂੰ ਸਹੂਲਤ ਦੇਵੇ ਤਾਂ ਹੀ ਸਾਡਾ ਕਾਰੋਬਾਰ ਬਚ ਸਕਦਾ ਹੈ। 


Related News