ਬਜ਼ੁਰਗ ਵਿਧਵਾ ਨੂੰ ਜਾਇਦਾਦ ਬਚਾਉਣ ਲਈ ਕੱਢਣੇ ਪਏ ਹਾੜੇ

Sunday, Nov 05, 2017 - 05:55 AM (IST)

ਬਜ਼ੁਰਗ ਵਿਧਵਾ ਨੂੰ ਜਾਇਦਾਦ ਬਚਾਉਣ ਲਈ ਕੱਢਣੇ ਪਏ ਹਾੜੇ

ਅੰਮ੍ਰਿਤਸਰ,   (ਜ. ਬ.)-  ਸਥਾਨਕ ਗੋਪਾਲ ਨਗਰ ਦੀ ਵਸਨੀਕ ਅਮਰਜੀਤ ਕੌਰ ਪਤਨੀ ਸਵ. ਸਵਰਨ ਸਿੰਘ ਨੇ ਦੱਸਿਆ ਕਿ ਉਸ ਦੀ ਮਾਲਕੀ ਜਾਇਦਾਦ ਹੁੰਦਲ ਹਵੇਲੀ, ਵਾਕਿਆ ਰਕਬਾ ਮਜੀਠਾ ਰੋਡ ਬਾਈਪਾਸ ਜ਼ਿਲਾ ਅੰਮ੍ਰਿਤਸਰ ਵਿਖੇ ਹੈ, ਜਿਸ ਦੇ ਅੱਗੇ 6 ਦੁਕਾਨਾਂ ਚੱਲ ਰਹੀਆਂ ਹਨ ਅਤੇ ਗੱਡੀਆਂ ਧੋਣ ਵਾਲੀ ਇਕ ਮਸ਼ੀਨ ਲਾਈ ਗਈ ਹੈ। ਇਹ ਜਾਇਦਾਦ ਅਸੀਂ ਸੰਨ 1993 'ਚ ਬਣਾਈ ਸੀ।
ਬਜ਼ੁਰਗ ਵਿਧਵਾ ਮਾਤਾ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਮੇਰੇ ਗੁਆਂਢੀ ਜੈਕਸਨ ਲੈਬਾਰਟਰੀ ਮਜੀਠਾ ਰੋਡ ਵਾਲੇ ਮੇਰੀ ਮਾਲਕੀ ਵਾਲੀ ਜਾਇਦਾਦ ਜਿਸ ਦਾ ਖਸਰਾ ਨੰਬਰ 115/22/12, 22/6, 22 /4 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਮੈਂ ਉਕਤ ਕੰਪਨੀ ਵਾਲਿਆਂ ਖਿਲਾਫ ਅਦਾਲਤੀ ਕੇਸ ਕੀਤਾ ਹੈ, ਜਿਸ ਦੀ ਤਰੀਕ ਪੇਸ਼ੀ 09/11/2017 ਹੈ। ਮੈਨੂੰ ਅਦਾਲਤ ਵੱਲੋਂ ਸਟੇਅ ਮਿਲਿਆ ਹੈ। ਸਟੇਅ ਮੇਰੇ ਹੱਕ 'ਚ ਹੋਣ ਦੇ ਬਾਵਜੂਦ ਉਕਤ ਕੰਪਨੀ ਦੇ ਜੁਗਲ ਕਿਸ਼ੋਰ ਸ਼ਰਮਾ, ਵਿਜੇ ਕੁਮਾਰ ਤੇ ਵਿਨੋਦ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ। ਮੈਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕਰ ਕੇ ਅੱਜ ਇਸੇ ਜਗ੍ਹਾ 'ਤੇ ਗੇਟ ਲਾ ਕੇ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਮਾਮਲੇ ਸਬੰਧੀ ਚੌਕੀ ਬਾਈਪਾਸ ਮਜੀਠਾ ਰੋਡ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਮੈਨੂੰ ਡਰ ਹੈ ਕਿ ਇਹ ਕੰਪਨੀ ਵਾਲੇ ਮੇਰੇ ਨਾਲ ਰੰਜਿਸ਼ ਰੱਖਦੇ ਹੋਏ ਮੈਨੂੰ ਜਾਨੋਂ ਮਰਵਾ ਦੇਣਗੇ ਕਿਉਂਕਿ ਮੇਰਾ ਲੜਕਾ ਤੇ ਲੜਕੀ ਵਿਦੇਸ਼ ਰਹਿੰਦੇ ਹਨ, ਮੈਂ ਇਕੱਲੀ ਹਾਂ। ਪੀੜਤ ਬਜ਼ੁਰਗ ਵਿਧਵਾ ਮਾਤਾ ਨੇ ਉੱਚ ਪੁਲਸ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।  ਪੁਲਸ ਚੌਕੀ ਮਜੀਠਾ ਰੋਡ ਬਾਈਪਾਸ ਦੇ ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਏ. ਡੀ. ਸੀ. ਪੀ.-2 ਲਖਬੀਰ ਸਿੰਘ ਤੇ ਥਾਣਾ ਸਦਰ ਦੇ ਮੁਖੀ ਨੇ ਮੌਕੇ 'ਤੇ ਪਹੁੰਚੇ ਕੇ ਉਸਾਰੀ ਬੰਦ ਕਰਵਾ ਦਿੱਤੀ ਹੈ। ਦੋਵਾਂ ਧਿਰਾਂ ਤੋਂ ਪੜਤਾਲ ਕਰਨ ਲਈ ਕਾਗਜ਼ ਪੱਤਰ ਲੈ ਲਏ ਹਨ।


Related News