ਸੀ. ਪੀ. ਆਈ. (ਐੱਮ.-ਐੱਲ.) ਵੱਲੋਂ ਚਾਰ ਜੱਜਾਂ ਦੀ ਹਮਾਇਤ ਵਿਚ ਮੁਜ਼ਾਹਰਾ

Monday, Jan 15, 2018 - 07:10 AM (IST)

ਜਲੰਧਰ  (ਕਮਲੇਸ਼) - ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਦੇ ਸੱਦੇ 'ਤੇ ਜਲੰਧਰ ਵਿਖੇ ਪਾਰਟੀ ਵੱਲੋਂ ਮੁਜ਼ਾਹਰਾ ਕਰਕੇ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਉਠਾਏ ਗਏ ਮੁੱਦਿਆਂ ਦੀ ਹਮਾਇਤ ਕੀਤੀ ਗਈ। ਇਸ ਤੋਂ ਪਹਿਲਾਂ ਇਹ ਮੁਜ਼ਾਹਰਾਕਾਰੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਠੇ ਹੋਏ, ਜਿਥੋਂ ਮੁਜ਼ਾਹਰੇ ਦੀ ਸ਼ਕਲ ਵਿਚ ਸਥਾਨਕ ਬੀ. ਐੱਮ. ਸੀ. ਚੌਕ 'ਚ ਪੁੱਜੇ। ਉਥੇ ਆਮ ਲੋਕਾਂ ਦੀ ਹਮਾਇਤ ਜੁਟਾਉਣ ਲਈ ਉਨ੍ਹਾਂ ਵੱਲੋਂ ਇਕ ਘੰਟਾ ਹੱਥਾਂ ਵਿਚ ਮੰਗਾਂ ਸਬੰਧੀ ਤਖਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪਾਰਟੀ ਦੇ ਸੀਨੀਅਰ ਸੂਬਾ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਲੋਕਾਂ ਦਾ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਤੋਂ ਪਹਿਲਾਂ ਹੀ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਰਹਿੰਦੀ ਕਸਰ ਨਿਆਂ-ਪਾਲਿਕਾ ਨੇ ਪੂਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਨਿਆਂ-ਪਾਲਿਕਾ ਦੇ ਪੱਖਪਾਤੀ ਫੈਸਲਿਆਂ ਬਾਰੇ ਪਹਿਲਾਂ ਵੀ ਸੁਆਲ ਉੱਠਦੇ ਰਹੇ ਹਨ ਪਰ ਸੁਪਰੀਮ ਕੋਰਟ ਦੇ ਸੀਨੀਅਰ ਜੱਜਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਪਰਦਾਫਾਸ਼ ਕਰਨਾ ਆਰਥਿਕ ਤੇ ਰਾਜਨੀਤਕ ਨਿਘਾਰ ਦੇ ਨਾਲ-ਨਾਲ ਸੰਵਿਧਾਨਕ ਨਿਘਾਰ ਪੈਦਾ ਹੋਣ ਦਾ ਪ੍ਰਗਟਾਵਾ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਨੇ ਸਿੱਧ ਕਰ ਦਿੱਤਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਆਰ. ਐੱਸ. ਐੱਸ. ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰ ਰਹੀ ਹੈ। ਆਪਣੇ ਇਸ ਏਜੰਡੇ ਨੂੰ ਲਾਗੂ ਕਰਨ ਲਈ ਨਿਆਂਪਾਲਿਕਾ ਦੀ ਦੁਰਵਰਤੋਂ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੱਜਾਂ ਦਾ ਬਿਆਨ ਸੰਘੀ ਫਿਰਕੂ ਫਾਸ਼ੀਵਾਦ ਲਈ ਇਕ ਚੁਣੌਤੀ ਵੀ ਹੈ। ਪਾਰਟੀ ਵੱਲੋਂ ਫਿਰਕੂ ਫਾਸ਼ੀਵਾਦ ਦੇ ਰੱਥ ਨੂੰ ਰੋਕਣ ਦੇ ਨਾਲ-ਨਾਲ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਉਠਾਏ ਗਏ ਮੁੱਦਿਆਂ 'ਤੇ ਸੰਘਰਸ਼ ਲਾਮਬੰਦ ਕਰਨ ਦਾ ਮਿਹਨਤੀ ਲੋਕਾਂ ਤੇ ਜਮਹੂਰੀ ਤਾਕਤਾਂ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ ਪਾਰਟੀ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਉਠਾਏ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ। ਚੀਫ ਜਸਟਿਸ ਦੀਪਕ ਮਿਸ਼ਰਾ ਵਿਰੁੱਧ ਮਹਾਦੋਸ਼ ਦਾ ਪਾਰਲੀਮੈਂਟ ਅੰਦਰ ਪ੍ਰਸਤਾਵ ਪਾਸ ਕੀਤਾ ਜਾਵੇ। ਜਸਟਿਸ ਲੋਇਆ ਦੀ ਮੌਤ ਦੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਾਰਟੀ ਦੇ ਆਗੂ ਕਾਮਰੇਡ ਜਸਵਿੰਦਰ ਸਿੰਘ ਭੋਗਲ, ਪੇਂਡੂ ਮਜ਼ਦੂਰ ਆਗੂ ਹੰਸ ਰਾਜ ਪੱਬਵਾਂ, ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਸੰਤੋਖ ਸਿੰਘ ਤੱਗੜ ਆਦਿ ਨੇ ਸੰਬੋਧਨ ਕੀਤਾ।


Related News