ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ
Friday, Mar 01, 2024 - 06:43 PM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ,ਵਿਨੋਦ) : ਸਹੁਰਾ ਪਰਿਵਾਰ ਆਪਣੀ ਨੂੰਹ ਨੂੰ ਇਸ ਆਸ ਨਾਲ ਵਿਦੇਸ਼ ਭੇਜਦਾ ਹੈ ਕਿ ਉਹ ਉੱਥੇ ਜਾ ਕੇ ਆਪਣੇ ਮੁੰਡੇ ਨੂੰ ਵੀ ਵਿਦੇਸ਼ ਲੈ ਜਾਵੇਗੀ ਪਰ ਕਈ ਮਾਮਲੇ ਅਜਿਹੇ ਹਨ, ਜਿਨ੍ਹਾਂ ਵਿਚ ਕੁੜੀ ਵਿਦੇਸ਼ ਜਾਣ ਤੋਂ ਬਾਅਦ ਆਪਣੇ ਵਾਅਦੇ ਤੋਂ ਮੁੱਕਰ ਜਾਂਦੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਦੋਰਾਂਗਲਾ ਥਾਣੇ ਅਧੀਨ ਪੈਂਦੇ ਪਿੰਡ ਦਬੂੜੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ ਤਾਂ ਜੋ ਉਨ੍ਹਾਂ ਦਾ ਮੁੰਡੇ ਨੂੰ ਵੀ ਕੈਨੇਡਾ ਬੁਲਾ ਲਵੇ ਅਤੇ ਦੋਵੇਂ ਸੈਟਲ ਹੋ ਸਕਣ, ਪਰ ਕੁੜੀ ਨੇ ਇਨਕਾਰ ਕਰ ਦਿੱਤਾ ਅਤੇ ਜਦੋਂ ਮੁੰਡਾ ਆਪਣੇ ਖਰਚੇ ’ਤੇ ਕੈਨੇਡਾ ਗਿਆ ਤਾਂ ਕੁੜੀ ਦੀ ਮਰਜ਼ੀ ਤੋਂ ਬਿਨਾਂ ਗਿਆ ਤਾਂ, ਉੱਥੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਸੋਗ ਕਾਰਨ ਮੁੰਡਾ ਮਾਨਸਿਕ ਰੋਗੀ ਹੁੰਦਾ ਜਾ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਪਰਿਵਾਰ ਨੇ ਕੁੜੀ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਦਕਿ ਪੁਲਸ ਨੇ ਕੁੜੀ ਦੇ ਪਿਤਾ ਅਤੇ ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦਬੁੜੀ ਦੇ ਰਹਿਣ ਵਾਲੇ ਰਛਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਮੁੰਡੇ ਜੁਗਰਾਜ ਸਿੰਘ ਦਾ ਅਮਨਦੀਪ ਕੌਰ ਨਾਲ ਜਨਵਰੀ 2018 'ਚ ਪ੍ਰੇਮ ਵਿਆਹ ਹੋਇਆ ਸੀ। ਕੁੜੀ ਦੇ ਪਰਿਵਾਰ ਨਾਲ ਹੋਏ ਸਮਝੌਤੇ ਅਨੁਸਾਰ ਅਮਨਦੀਪ ਕੌਰ ਨੂੰ ਆਈਲੈਟਸ ਕਰਵਾਉਣ ਤੋਂ ਬਾਅਦ ਪਹਿਲਾਂ ਅਮਰੀਕਾ ਅਤੇ ਫਿਰ ਨਿਊਜ਼ੀਲੈਂਡ ਭੇਜਣ ਲਈ ਫਾਈਲ ਦਿੱਤੀ, ਪਰ ਗੱਲ ਸਿਰੇ ਨਹੀਂ ਚੜ੍ਹੀ। ਮਾਰਚ 2019 'ਚ ਉਸ ਦੀ ਨੂੰਹ ਦੀ ਕੈਨੇਡੀਅਨ ਫਾਈਲ ਆਈ ਅਤੇ ਲੱਖਾਂ ਰੁਪਏ ਦੇ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ ਗਿਆ। ਕੁਝ ਮਹੀਨਿਆਂ ਬਾਅਦ ਉਹ ਵਾਪਸ ਆ ਗਈ ਅਤੇ ਇਕ ਮਹੀਨਾ ਪਰਿਵਾਰ ਨਾਲ ਰਹਿਣ ਤੋਂ ਬਾਅਦ ਦੁਬਾਰਾ ਕੈਨੇਡਾ ਚਲਾ ਗਈ ਅਤੇ ਵਾਅਦਾ ਕੀਤਾ ਕਿ ਜਲਦੀ ਹੀ ਉਹ ਜੁਗਰਾਜ ਸਿੰਘ ਨੂੰ ਵੀ ਕੈਨੇਡਾ ਬੁਲਾ ਲਵੇਗੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ: ਘਰ ’ਚ ਦਾਖ਼ਲ ਹੋ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਇਸ ਵਾਰ ਵੀ ਸਹੁਰੇ ਪਰਿਵਾਰ ਨੇ ਹੀ ਉਸ ਦਾ ਸਾਰਾ ਖਰਚਾ ਚੁੱਕਿਆ। ਇਸ ਤੋਂ ਬਾਅਦ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਅਮਨਦੀਪ ਕੌਰ ਨੇ ਜੁਗਰਾਜ ਸਿੰਘ ਨੂੰ ਕੈਨੇਡਾ ਨਹੀਂ ਬੁਲਾਇਆ, ਜਿਸ ਕਰਕੇ ਕੁੜੀ ਦੇ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਨਾਲ ਸਲਾਹ ਕਰਕੇ ਜੁਗਰਾਜ ਸਿੰਘ ਨੂੰ ਆਪਣੇ ਖਰਚੇ ’ਤੇ ਕੈਨੇਡਾ ਭੇਜ ਦਿੱਤਾ ਪਰ ਅਮਨਦੀਪ ਉਸ ਨੂੰ ਏਅਰਪੋਰਟ ’ਤੇ ਲੈਣ ਨਹੀਂ ਆਈ ਅਤੇ ਨਾ ਹੀ ਉਹ ਉਸ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਸੀ। ਸਗੋਂ ਜੁਗਰਾਜ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ
ਪਰਿਵਾਰ ਨੇ ਦੱਸਿਆ ਕਿ ਜੁਗਰਾਜ ਸਿੰਘ ਕੈਨੇਡਾ ’ਚ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਸੀ ਅਤੇ ਇਸੇ ਦੁੱਖ ਕਾਰਨ ਉਹ ਮਾਨਸਿਕ ਤੌਰ ’ਤੇ ਬਿਮਾਰ ਹੋ ਗਿਆ, ਕਾਫੀ ਮੁਸ਼ੱਕਤ ਤੋਂ ਬਾਅਦ ਉਹ ਆਪਣੇ ਖਰਚੇ ’ਤੇ ਉਸ ਨੂੰ ਭਾਰਤ ਵਾਪਸ ਲੈ ਕੇ ਆਏ ਅਤੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਉਹ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਲਈ ਕਰੀਬ 34 ਲੱਖ ਰੁਪਏ ਖਰਚ ਕਰ ਚੁੱਕਾ ਹੈ। ਉਨ੍ਹਾਂ ਅਮਨਦੀਪ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮੰਗ ਕੀਤੀ ਹੈ ਕਿ ਅਮਨਦੀਪ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਵੱਲੋਂ ਖਰਚੀ ਗਈ ਰਕਮ ਵਾਪਸ ਕੀਤੀ ਜਾਵੇ ਅਤੇ ਉਸ ਤੇ ਉਸ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ
ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਛਪਾਲ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ ਉਸ ਦੀ ਨੂੰਹ ਅਮਨਦੀਪ ਕੌਰ ਉਸ ਦੇ ਮੁੰਡੇ ਜੁਗਰਾਜ ਸਿੰਘ ਨੂੰ ਪੀ.ਆਰ. ਲਈ ਵਿਦੇਸ਼ ਬੁਲਾਉਣ ਦੇ ਵਾਅਦੇ ਤੋਂ ਮੁੱਕਰ ਗਈ ਹੈ ਅਤੇ ਉੱਥੇ ਕਿਸੇ ਹੋਰ ਕੋਲ ਰਹਿ ਰਹੀ ਹੈ। ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਕੁੜੀ ਅਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਧੋਖਾਧੜੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਡਿਊਟੀ ਦੌਰਾਨ ਥਾਣੇ 'ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ 'ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8