ਚੰਦਰਭਾਨ ਅਤੇ ਰਾਏਕੋਟ ਡਰੇਨ ਦਾ ਖਤਰਾ ਮੁਡ਼ ਮੰਡਰਾਉਣ ਲੱਗਾ
Monday, Jul 30, 2018 - 01:44 AM (IST)

ਨਿਹਾਲ ਸਿੰਘ ਵਾਲਾ, ਬਿਲਾਸਪੁਰ (ਬਾਵਾ)-ਚੰਦਰਭਾਨ ਡਰੇਨ ਦੇ ੳਵਰਫਲੋਅ ਹੋਣ ਕਾਰਨ ਕੁਝ ਦਿਨ ਪਹਿਲਾ ਰਾਸ਼ਟਰੀ ਮਾਰਗ ਨੰਬਰ 71 ਦਾ ਪਿੰਡ ਹਿੰਮਤਪੁਰਾ ਵਿਖੇ ਡਰੇਨ ਦਾ ਪੁਲ ਤੇਜ ਪਾਣੀ ਦੇ ਬਹਾਅ ’ਚ ਬਹਿ ਜਾਣ ਕਾਰਨ ਰਾਸ਼ਟਰੀ ਮਾਰਗ ’ਤੇ ਅਵਾਜਾਈ ਇਕ ਹਫਤਾ ਠੱਪ ਰਹੀ ਸੀ, ਜਿਸ ਅਾਵਾਜਾਈ ਨੂੰ ਪਿੰਡ ਹਿੰਮਤਪੁਰਾ ਅਤੇ ਮਾਛੀਕੇ-ਬਿਲਾਸਪੁਰ ਵੱਲ ਦੀ ਕੀਤਾ ਗਿਆ ਸੀ, ਜਿਸ ਕਾਰਨ ਪਿੰਡ ਹਿੰਮਤਪੁਰਾ ਵਿਖੇ ਡਰੇਨ ਦੇ ਦੋ ਹੋਰ ਪੁਲ ਵੀ ਟੁੱਟ ਗਏ ਸਨ। ਇਹ ਹਾਦਸਾ ਪਿਛਲੇ 13 ਸਾਲ ਤੋਂ ਡਰੇਨ ਦੀ ਸਫਾਈ ਨਾ ਹੋਣ ਕਾਰਨ ਵਾਪਰਿਆ ਸੀ ਪਰ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਇਸ ਤੋਂ ਹਾਲੇ ਕੋਈ ਸਬਕ ਨਹੀਂ ਸਿੱਖਿਆ ਅਤੇ ਪ੍ਰਸ਼ਾਸਨ ਨੇ ਡਰੇਨਾਂ ਦੀ ਸਫਾਈ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ।
ਗੰਦਗੀ ਨਾਲ ਭਰੀਆਂ ਡਰੇਨਾਂ
ਹਲਕੇ ਦੇ ਪਿੰਡਾਂ ਦੇ ਕਿਸਾਨ ਵੀਰਾਂ ਨੇ ਦੱਸਿਆ ਕਿ ਕਿਸੇ ਸਮੇਂ ਮਾਲਵੇ ਦੇ ਲੋਕਾਂ ਲਈ ਵਰਦਾਨ ਬਣੀਆਂ ਇਹ ਡਰੇਨਾਂ ਅਜੋਕੇ ਸਮੇਂ ਅੰਦਰ ਗੰਦਗੀ ਤੇ ਬੇਲੋਡ਼ੇ ਘਾਹ ਫੂਸ ਨਾਲ ਭਰ ਕੇ ਸ਼ਰਾਪ ਬਣ ਚੁੱਕੀਆਂ ਹਨ ਅਤੇ ਬਰਸਾਤੀ ਦਿਨਾਂ ਵੱਡੇ ਹਾਦਸੇ ਦਾ ਸਬੱਬ ਬਣ ਰਹੀਆਂ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਪ੍ਰਸ਼ਾਸਨ ਦਾ ਅਜੇ ਤੱਕ ਇਨ੍ਹਾਂ ਡਰੇਨਾਂ ਦੀ ਸਫਾਈ ਵੱਲ ਉੱਕਾ ਹੀ ਧਿਆਨ ਨਹੀਂ ਹੈ। ਉਨ੍ਹਾਂ ਸੂਬਾ ਸਰਕਾਰ ਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਕਤ ਡਰੇਨਾਂ ਦੀ ਲਗਤਾਰ ਸਫਾਈ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸੰਤਾਪ ਹੰਢਾ ਰਹੀ ਪੰਜਾਬ ਦੀ ਕਿਰਸਾਨੀ ਨੂੰ ਉਕਤ ਡਰੇਨਾ ਦੀ ਵਜ੍ਹਾ ਨਾਲ ਕਿਸੇ ਹੋਰ ਆਫਤ ਨਾਲ ਜੂਝਣਾ ਨਾ ਪਵੇ।
ਪਿਛਲੇ ਸਾਲ ਡੁੱਬੇ ਸਨ ਅਨੇਕਾਂ ਪਿੰਡ
ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਡਰੇਨ ਦੀ ਸਫਾਈ ਨਾ ਹੋਣ ਕਾਰਨ ਡਰੇਨ ਦਾ ਪਾਣੀ ਓਵਰਫਲੋਅ ਹੋਣ ਕਾਰਨ ਪਿੰਡ ਪੱਤੋ ਹੀਰਾ ਸਿੰਘ, ਰਾਊਕੇ, ਬੀਡ਼ ਰਾਊਕੇ, ਪੱਖਰਵੱਢ, ਜਵਾਹਰ ਸਿੰਘ ਵਾਲਾ, ਸਮਾਧ ਭਾਈ, ਲੋਪੋ, ਮੱਲੇਆਣਾ ਆਦਿ ਦੀ ਹਜ਼ਾਰਾਂ ਏਕਡ਼ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ਅਤੇ ਪਿੰਡਾਂ ’ਚ ਹਡ਼ਾ ਵਰਗੇ ਹਲਾਤ ਪੈਦਾ ਹੋ ਗਏ ਸਨ। ਇਨ੍ਹਾਂ ਡਰੇਨਾਂ ਦਾ ਦੁੱਖਦ ਪਹਿਲੂ ਇਹ ਵੀ ਹੈ ਕਿ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਲੋਕਾਂ ਨੇ ਇਨ੍ਹਾਂ ਡਰੇਨਾਂ ’ਤੇ ਨਾਜਾਇਜ਼ ਕਬਜੇ ਕਰ ਰੱਖੇ ਹਨ।
ਕਈ ਪਿੰਡਾਂ ਦਾ ਗੰਦਾ ਪਾਣੀ ਪੈ ਰਿਹੈ ਡਰੇਨਾਂ ’ਚ
ਇਸ ਤੋਂ ਇਲਾਵਾ ਹਲਕੇ ਦੇ ਕਈ ਪਿੰਡਾਂ ਦਾ ਸੀਵਰੇਜ਼ ਦਾ ਪਾਣੀ ਵੀ ਡਰੇਨਾਂ ’ਚ ਪੈ ਰਿਹਾ ਹੈ, ਜਿਸ ਕਾਰਨ ਹਲਕੇ ਅੰਦਰ ਬੀਮਾਰੀਆਂ ਫੈਲਣ ਦਾ ਵੀ ਗੰਭੀਰ ਖਤਰਾ ਬਣਿਆ ਹੋਇਆ ਹੈ।
ਐੱਸ. ਡੀ. ਐੱਮ. ਨੇ ਨਾ ਚੁੱਕਿਆ ਫੋਨ
ਇਸ ਸਬੰਧੀ ਪੱਖ ਲੈਣ ਲਈ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆਂ।
ਹਡ਼੍ਹਾਂ ਤੋਂ ਬਚਾਉਣ ਲਈ ਬਣਾਈਆਂ ਡਰੇਨਾਂ ਖੁਦ ਆਫਤ ਬਣੀਆਂ
ਪੰਜਾਬ ਦੇ ਲੋਕਾਂ ਨੂੰ ਮੀਂਹ ਦੇ ਮੌਸਮ ਦੌਰਾਨ ਹਡ਼੍ਹਾਂ ਵਰਗੀਆਂ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਬਣਾਈਆਂ ਗਈਆਂ ‘ਡਰੇਨਾਂ’ ਵਿਭਾਗ ਦੀ ਲਾਪ੍ਰਵਾਹੀ ਕਾਰਨ ਖੁਦ ਲੋਕਾਂ ਨੂੰ ਆਫਤ ਵੱਲ ਧੱਕਣ ਲਈ ਮੂੰਹ ਅੱਡੀ ਖਡ਼ੀਆਂ ਹਨ। ਪੰਜਾਬ ’ਚੋਂ ਲੰਘਦੀਆਂ ਦੋ ਪ੍ਰਮੁੱਖ ਡਰੇਨਾਂ ‘ਚੰਦਰਭਾਨ’ ਅਤੇ ‘ਜਵਾਹਰ ਸਿੰਘ ਵਾਲਾ-ਪੱਤੋ’ ਦੀ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਹਰ ਵਾਰ ਬਰਸਾਤ ਦੇ ਮੌਸਮ ’ਚ ਇਸ ਹਲਕੇ ਦੇ ਲੋਕ ਤਬਾਹੀ ਨੂੰ ਆਪਣੇ ਪਿੰਡੇ ’ਤੇ ਹੰਢਾਉਦੇ ਹਨ, ਜਿਸ ਕਾਰਨ ਬਣੀ ਹਡ਼ਾਂ ਵਰਗੀ ਸਥਿਤੀ ਨਾਲ ਲੋਕਾਂ ਨੂੰ ਹਰ ਵਾਰ ਭਾਰੀ ਆਰਥਿਕ ਨੁਕਸਾਨ ਵੀ ਉਠਾਉਣਾ ਪੈਦਾ ਹੈ। ਪਿਛਲੇ 13 ਸਾਲ ਤੋਂ ਉਕਤ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਦਿਨਾਂ ’ਚ ਇਹ ਡਰੇਨਾਂ ਓਵਰ ਫਲੋਅ ਹੋ ਕੇ ਫਸਲਾਂ ਦਾ ਨੁਕਸਾਨ ਕਰਦੀਆਂ ਆ ਰਹੀਆਂ ਹਨ।