ਪੰਜਾਬ ਪੁਲਸ ਦੀ ਮੁਲਾਜ਼ਮ ਅਤੇ ਮਾਂ ਦਾ ਕਤਲ; ਹੋਇਆ ਸਨਸਨੀਖੇਜ਼ ਖ਼ੁਲਾਸਾ
Sunday, Jan 25, 2026 - 07:07 PM (IST)
ਸੰਗਰੂਰ: ਪੰਜਾਬ ਪੁਲਸ ਦੀ ਮੁਲਾਜ਼ਮ ਸਰਬਜੀਤ ਕੌਰ ਅਤੇ ਉਸ ਦੀ ਮਾਤਾ ਦੀ ਮੌਤ ਦੇ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਉਨ੍ਹਾਂ ਦੀ ਮੌਤ ਕਿਸੇ ਸੜਕ ਹਾਦਸੇ ਵਿਚ ਨਹੀਂ ਸੀ ਹੋਈ, ਸਗੋਂ ਸਰਬਜੀਤ ਦੇ ਭਰਾ ਨੇ ਹੀ ਉਨ੍ਹਾਂ ਦੋਹਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਫ਼ਿਰ ਇਸ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਸ ਅਨੁਸਾਰ 17 ਜਨਵਰੀ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਰਬਜੀਤ ਕੌਰ ਵਾਸੀ ਮੋੜਾਂ, ਜੋ ਪੰਜਾਬ ਪੁਲਸ ’ਚ ਸੀ. ਆਈ. ਡੀ. ਯੂਨਿਟ ਦਿੜ੍ਹਬਾ ਵਿਖੇ ਡਿਊਟੀ ਕਰਦੀ ਸੀ, ਆਪਣੀ ਮਾਤਾ ਇੰਦਰਜੀਤ ਕੌਰਨੂੰ ਰਿਸ਼ਤੇਦਾਰੀ ’ਚ ਪਿੰਡ ਭਾਈ ਕੀ ਪਿਸ਼ੌਰ ਛੱਡਣ ਲਈ ਕਾਰ 'ਤੇ ਸਵਾਰ ਹੋ ਕੇ ਜਾ ਰਹੀ ਸੀ। ਰਸਤੇ ’ਚ ਸੂਲਰ ਘਰਾਟ ਤੋਂ ਪਿੰਡ ਛਾਹੜ ਨੂੰ ਜਾਂਦੀ ਸੜਕ ਉੱਤੇ ਉਸ ਦੀ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਕਾਰ ਨੂੰ ਅੱਗ ਲੱਗਣ ਕਾਰਨ ਦੋਵੇਂ ਮਾਵਾਂ ਧੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਦੇ ਕੰਕਾਲ ਕਾਰ ’ਚ ਹੀ ਪਏ ਸਨ। ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਤਫਤੀਸ਼ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੌੜਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਤੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸ ਨੇ ਹੀ ਆਪਣੀ ਭੈਣ ਸਰਬਜੀਤ ਕੌਰ ਅਤੇ ਮਾਤਾ ਇੰਦਰਜੀਤ ਕੌਰ ਨੂੰ ਮਾਰ ਕੇ ਕਾਰ ’ਚ ਲਾਸ਼ਾਂ ਰੱਖ ਕੇ, ਐਕਸੀਡੈਂਟ ਦਾ ਰੂਪ ਦੇ ਕੇ ਕਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾਈ ਸੀ ਤੇ ਮੌਕੇ ਉਤੋਂ ਭੱਜ ਗਿਆ ਸੀ। ਹੁਣ ਪੁਲਸ ਨੇ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
