ਪੰਜਾਬ ਦੇ ਮਾੜੇ ਮਾਹੌਲ ਤੋਂ ਸਹਿਮੇ ਵਪਾਰੀ, ਕਾਰੋਬਾਰੀ ਅਤੇ ਆਮ ਲੋਕ: ਨਕੱਈ
Sunday, Jan 25, 2026 - 06:35 PM (IST)
ਮਾਨਸਾ (ਸੰਦੀਪ ਮਿੱਤਲ): ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ 'ਆਪ' ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਪਾਰੀ, ਕਾਰੋਬਾਰੀ ਸੂਬਾ ਛੱਡ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਸੂਬੇ ਅੰਦਰ ਲੁੱਟਾਂ-ਖੋਹਾਂ, ਡਕੈਤੀਆਂ, ਧਮਕੀਆਂ, ਕਤਲ ਅਤੇ ਇਥੋਂ ਤੱਕ ਕਿ ਆਰ.ਡੀ.ਐਕਸ ਬਲਾਸਟ ਵੀ ਹੋਣ ਲੱਗੇ ਹਨ। ਪੰਜਾਬ ਸਰਕਾਰ ਦਾ ਕਿਸੇ ਪਾਸੇ ਕੋਈ ਕੰਟਰੋਲ ਨਹੀਂ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦਾ ਕੋਈ ਵਾਲੀ ਵਾਰਿਸ ਹੀ ਨਹੀਂ ਰਿਹਾ।
ਜਗਦੀਪ ਸਿੰਘ ਨਕੱਈ ਨੇ ਕਿਹਾ ਹੈ ਕਿ ਪੰਜਾਬ ਦਾ ਹਰ ਨਾਗਰਿਕ, ਕਾਰੋਬਾਰੀ ਇਨਾ ਔਖਾ ਹੈ ਕਿ ਉਹ ਡਰਦਾ ਮਾਰਾ ਕੁਝ ਬੋਲ ਨਹੀਂ ਰਿਹਾ। ਪਰ ਉਹ ਸੂਬੇ ਅੰਦਰ ਰਹਿਣਾ ਨਹੀਂ ਚਾਹੁੰਦਾ। ਨਕੱਈ ਨੇ ਕਿਹਾ ਕਿ ਨਸ਼ਾ, ਡਕੈਤੀ, ਫਿਰੌਤੀ, ਧਮਕੀਆਂ, ਕਤਲ ਆਮ ਹੋ ਗਏ ਹਨ। ਸੂਬੇ ਦੇ ਲੋਕ ਚਾਹੁਣ ਲੱਗੇ ਹਨ ਕਿ ਉਨ੍ਹਾਂ ਨੂੰ ਯੂ.ਪੀ ਦੇ ਯੋਗੀ ਆਦਿਤਿਆਨਾਥ ਵਰਗੇ ਮੁੱਖ ਮੰਤਰੀ ਚਾਹੀਦੇ ਹਨ, ਜਿਨ੍ਹਾਂ ਨੇ ਯੂ.ਪੀ ਦੇ ਮਾੜੇ ਮਾਹੌਲ ਨੂੰ ਦਿਨਾਂ ਵਿਚ ਖਤਮ ਕਰਕੇ ਲੋਕਾਂ ਨੂੰ ਵਧੀਆ ਮਾਹੌਲ ਦਿੱਤਾ ਹੈ। ਨਕੱਈ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਇਸ ਮਾਹੌਲ ਅਤੇ ਨਸ਼ੇ ਨੂੰ ਲੈ ਕੇ ਬਹੁਤ ਚਿੰਤਤ ਹੈ। ਕਈ ਮੀਟਿੰਗਾਂ ਵਿਚ ਉਨ੍ਹਾਂ ਨਾਲ ਕੇਂਦਰ ਸਰਕਾਰ ਦੇ ਨੁਮਾਇੰਦੇ ਇਸ ਤੇ ਫਿਕਰਮੰਦੀ ਜ਼ਾਹਿਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਨਸ਼ੇ ਨੂੰ ਖਤਮ ਕਰਨ ਲਈ ਹਰ ਜ਼ਿਲ੍ਹੇ ਵਿਚ ਵੱਡੇ ਨਸ਼ਾ ਛੁਡਾਊ ਕੇਂਦਰ, ਵਿਕਾਸ ਦੇ ਨਵੇਂ ਕੀਰਤੀਮਾਨ ਅਤੇ ਪੰਜਾਬ ਦੀ ਤਰੱਕੀ ਲਈ ਨਵੀਆਂ ਯੋਜਨਾਵਾਂ ਹੋਣਗੀਆਂ।
ਨਕੱਈ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਫੰਡਾਂ ਦੀ ਦੁਰਵਰਤੋਂ ਕਰਕੇ ਭਗਵੰਤ ਮਾਨ ਸਰਕਾਰ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਹੈ। ਕੇਂਦਰ ਸਰਕਾਰ ਪੰਜਾਬ ਨੂੰ ਜਿਹੜੇ ਕੰਮਾਂ ਲਈ ਗ੍ਰਾਂਟਾ ਭੇਜ ਰਿਹਾ ਹੈ, ਉਹ ਪੈਸਾ ਉਨ੍ਹਾਂ ਕੰਮਾਂ 'ਤੇ ਲੱਗ ਹੀ ਨਹੀਂ ਰਿਹਾ। ਇਸ ਕਰਕੇ ਸੂਬਾ ਸਰਕਾਰ ਆਪਣਾ ਹਿੱਸਾ ਪਾਉਣ ਤੋਂ ਭੱਜ ਰਹੀ ਹੈ ਅਤੇ ਪੰਜਾਬ ਵਿਕਾਸ ਤੇ ਆਰਥਿਕ ਪੱਖੋਂ ਪੱਛੜਦਾ ਹੋਇਆ ਅਪਰਾਧੀਆਂ ਅਤੇ ਮਾੜੇ ਅਨਸਰਾਂ ਲਈ ਢੁਕਵਾਂ ਸੂਬਾ ਬਣ ਕੇ ਰਹਿ ਗਿਆ ਹੈ। ਜਿੱਥੇ ਉਹ ਬਿਨਾਂ ਡਰ, ਭੈਅ ਹਰ ਦਿਨ ਡਕੈਤੀਆਂ, ਲੁੱਟਾਂ-ਖੋਹਾਂ, ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਮਾੜੇ ਮਾਹੌਲ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਦਿੱਲੀ ਵਾਲੇ ਪੰਜਾਬ ਸਰਕਾਰ ਨੂੰ ਕੰਟਰੋਲ ਕਰਕੇ ਆਪਣੇ ਨਿੱਜੀ ਮੁਫਾਦ ਪੂਰੇ ਕਰ ਰਹੇ ਹਨ। ਪੰਜਾਬ ਦਾ ਮਾਹੌਲ ਲਗਾਤਾਰ ਖ਼ਰਾਬ ਹੁੰਦਾ ਜਾ ਰਿਹਾ ਹੈ ਜੋ ਖ਼ਰਾਬ ਹੋ ਰਿਹਾ, ਜਿਸ ਵਿਚੋਂ ਵਪਾਰੀ, ਕਾਰੋਬਾਰੀ, ਬਾਹਰ ਜਾਣ ਦੀ ਪਲੈਨਿੰਗ ਬਣਾਉਣ ਲੱਗੇ ਹਨ। ਨਕੱਈ ਨੇ 'ਪੰਜਾਬ ਕੇਸਰੀ' ਗਰੁੱਪ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਦੀ ਆਵਾਜ਼, ਲੋਕਾਂ ਦੀ ਬੋਲਣ ਦੀ ਆਜ਼ਾਦੀ ਖੋਹਣਾ ਅਤੇ ਪ੍ਰੈੱਸ ਦਾ ਗਲਾ ਘੁੱਟਣਾ ਤਾਨਾਸ਼ਾਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਭਾਜਪਾ ਨੂੰ ਇਸ ਪੱਖੋਂ ਚਾਹੁਣ ਲੱਗੇ ਹਨ ਕਿ ਭਾਜਪਾ ਸੱਤਾ ਵਿੱਚ ਆਵੇ ਅਤੇ ਭਗਵੰਤ ਮਾਨ ਸਰਕਾਰ ਤੋਂ ਖਹਿੜਾ ਛੁਡਾਵੇ।
