ਸੀ. ਬੀ. ਆਈ. ਅਦਾਲਤ ਨੇ ਡੇਰਾ ਮੁਖੀ ਨੂੰ ਵਿਦੇਸ਼ ਜਾਣ ''ਤੇ ਲਾਈ ਰੋਕ
Friday, Jun 09, 2017 - 08:25 AM (IST)
ਪੰਚਕੂਲਾ - ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਥਿਤ ਬਲਾਤਕਾਰ ਦੇ ਕੇਸ ਵਿਚ ਇਕ ਹੋਰ ਝਟਕਾ ਲੱਗਿਆ। ਡੇਰਾ ਮੁਖੀ ਵਲੋਂ ਆਪਣੀ ਫਿਲਮ ਜਟੂ ਇੰਜੀਨੀਅਰ ਦੀ ਪ੍ਰਮੋਸ਼ਨ ਵਾਸਤੇ ਵਿਦੇਸ਼ ਦੌਰੇ 'ਤੇ ਜਾਣ ਲਈ ਦਿੱਤੀ ਅਰਜ਼ੀ ਨੂੰ ਪੰਚਕੂਲਾ ਵਿਚ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ। ਪਿਛਲੇ ਮਹੀਨੇ ਅਦਾਲਤ ਨੇ ਉਸ ਦੀ ਇਕ ਹੋਰ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿਚ ਬਲਾਤਕਾਰ ਪੀੜਤਾਂ ਵਿਚੋਂ ਇਕ ਨੂੰ ਜਿਰਹਾ ਵਾਸਤੇ ਸੰਮਨ ਭੇਜਣ ਲਈ ਕਿਹਾ ਗਿਆ ਸੀ। 2002 ਵਿਚ ਦੋ ਬਲਾਤਕਾਰ ਪੀੜਤਾਂ ਦੇ ਸੰਬੰਧ ਵਿਚ ਇਹ ਮੁਕੱਦਮਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਸੀ. ਬੀ. ਆਈ. ਨੂੰ ਸੌਂਪ ਦਿੱਤਾ ਗਿਆ ਸੀ।
ਇਸ ਸੰਬੰਧ ਵਿਚ 2007 ਵਿਚ ਸੀ. ਬੀ. ਆਈ ਕੋਰਟ ਵਿਖੇ ਚਲਾਨ ਪੇਸ਼ ਕਰ ਦਿੱਤਾ ਗਿਆ ਸੀ, ਤਦ ਸਿਰਸਾ ਡੇਰਾ ਮੁਖੀ ਨੂੰ ਇਸ ਸ਼ਰਤ 'ਤੇ ਜ਼ਮਾਨਤ ਦਿੱਤੀ ਗਈ ਸੀ ਕਿ ਉਹ ਕੋਰਟ ਦੀ ਆਗਿਆ ਬਿਨਾਂ ਦੇਸ਼ ਛੱਡ ਕੇ ਨਹੀਂ ਜਾਵੇਗਾ।
ਪਿਛਲੇ ਇਕ ਸਾਲ ਦੌਰਾਨ ਡੇਰਾ ਮੁਖੀ ਨੂੰ ਵਿਦੇਸ਼ਾਂ 'ਚ ਆਪਣੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਦੋ ਮੌਕਿਆਂ 'ਤੇ ਜਾਣ ਦੀ ਆਗਿਆ ਤਾਂ ਦੇ ਦਿੱਤੀ ਗਈ ਸੀ ਪ੍ਰੰਤੂ ਇਸ ਵਾਰ ਸੀ. ਬੀ. ਆਈ. ਵਲੋਂ ਉਸ ਦੀ ਅਰਜ਼ੀ ਨੂੰ ਚੁਣੌਤੀ ਦਿੱਤੀ ਗਈ ਸੀ।
ਸੀ. ਬੀ. ਆਈ. ਦੇ ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਸ਼੍ਰੀ ਐੱਚ. ਪੀ. ਐੱਸ. ਵਰਮਾ ਨੇ ਕਿਹਾ ਕਿ ਦੋਸ਼ੀ ਇਕ ਪਾਸੇ ਤਾਂ ਅਕਸਰ ਬੀਮਾਰੀ ਦੇ ਆਧਾਰ 'ਤੇ ਅਦਾਲਤੀ ਕਾਰਵਾਈ ਤੋਂ ਛੋਟ ਲੈਣ ਲਈ ਮੰਗ ਕਰਦਾ ਸੀ ਤੇ ਦੂਸਰੇ ਪਾਸੇ ਉਹ ਵਿਦੇਸ਼ ਯਾਤਰਾ ਦੀ ਮੰਗ ਕਰ ਰਿਹਾ ਸੀ। ਇਸ ਲਈ ਦੋਸ਼ੀ ਦੀ ਦਰਖਾਸਤ 'ਤੇ ਜ਼ੋਰਦਾਰ ਵਿਰੋਧ ਕੀਤਾ ਗਿਆ, ਅਦਾਲਤ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਦੀ ਅਰਜ਼ੀ ਡਿਸਮਿਸ ਕਰ ਦਿੱਤੀ ਗਈ।
ਡੇਰਾ ਮੁਖੀ ਬਹੁਤ ਸਾਰੇ ਵਿਦੇਸ਼ੀ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦਾ ਹੈ
ਡੇਰਾ ਮੁਖੀ ਨੇ ਆਪਣੀ ਦਰਖਾਸਤ ਵਿਚ ਅਨੇਕਾਂ ਦੇਸ਼ਾਂ ਦੀ ਯਾਤਰਾ ਮਿਤੀ 7 ਜੂਨ ਤੋਂ 5 ਜੁਲਾਈ ਦੀ ਤਰੀਕ ਤਕ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿਚ ਕੰਬੋਡੀਆ, ਦੱਖਣੀ ਅਫਰੀਕਾ, ਮਾਲਦੀਵ, ਸਿੰਗਾਪੁਰ, ਜਾਪਾਨ, ਪੋਲੈਂਡ ਅਤੇ ਵੀਅਤਨਾਮ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿਚ ਉਹ ਆਪਣੀ ਫਿਲਮ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹੈ, ਜਿਸ ਵਿਚ ਉਹ ਦਾਅਵਾ ਕਰਦਾ ਹੈ ਕਿ ਇਸ ਫਿਲਮ ਵਿਚ ਸਮਾਜਿਕ ਸੰਦੇਸ਼ ਸ਼ਾਮਲ ਹਨ।
