ਰੇਲਵੇ ਸਟੇਸ਼ਨਾਂ ''ਤੇ ਕੁਲੀਆਂ ਨੇ ਕੀਤੀ ਦੇਸ਼ ਵਿਆਪੀ ਹੜਤਾਲ, ਯਾਤਰੀ ਪ੍ਰੇਸ਼ਾਨ
Thursday, Mar 01, 2018 - 06:27 AM (IST)

ਜਲੰਧਰ, (ਗੁਲਸ਼ਨ)- ਰੇਲਵੇ ਸਟੇਸ਼ਨ 'ਤੇ ਕੰਮ ਕਰਨ ਵਾਲੇ ਕੁਲੀਆਂ ਨੇ ਅੱਜ ਦੇਸ਼ ਵਿਆਪੀ ਹੜਤਾਲ ਕੀਤੀ। ਇਸ ਦੌਰਾਨ ਕੁਲੀਆਂ ਨੇ ਕੰਮ-ਕਾਜ ਠੱਪ ਰੱਖ ਕੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ ਤੇ ਮੰਗਾਂ ਸਬੰਧੀ ਸਟੇਸ਼ਨ ਮੁਖੀ ਨੂੰ ਇਕ ਮੰਗ ਪੱਤਰ ਸੌਂਪਿਆ।
ਜ਼ਿਕਰਯੋਗ ਹੈ ਕਿ ਕੁਲੀ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਗਰੁੱਪ ਡੀ 'ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ ਪਰ ਕੋਈ ਵੀ ਸੁਣਵਾਈ ਨਾ ਹੋਣ ਕਾਰਨ ਹੁਣ ਉਹ ਸੰਘਰਸ਼ ਦੇ ਰਾਹ ਪੈ ਗਏ ਹਨ। ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਤਹਿਤ ਰੇਲਵੇ ਦੇ ਸਾਰੇ ਮੰਡਲਾਂ ਅਧੀਨ ਆਉਂਦੇ ਰੇਲਵੇ ਸਟੇਸ਼ਨਾਂ 'ਤੇ ਕੰਮ ਕਰਨ ਵਾਲੇ ਕੁਲੀਆਂ ਨੇ 27 ਫਰਵਰੀ ਰਾਤ 12 ਤੋਂ 28 ਫਰਵਰੀ ਰਾਤ 12 ਵਜੇ ਤੱਕ ਕੋਈ ਕੰਮ ਨਹੀਂ ਕੀਤਾ। ਇਸ ਇਕ ਰੋਜ਼ਾ ਹੜਤਾਲ ਦੌਰਾਨ ਵੱਡੇ ਸਟੇਸ਼ਨਾਂ 'ਤੇ ਯਾਤਰੀਆਂ ਦਾ ਸਾਮਾਨ ਉਠਾਉਣ ਲਈ ਕੋਈ ਵੀ ਕੁਲੀ ਨਹੀਂ ਮਿਲਿਆ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।
ਸਿਟੀ ਰੇਲਵੇ ਸਟੇਸ਼ਨ 'ਤੇ ਕੰਮ ਕਰਨ ਵਾਲੇ ਕੁਲੀਆਂ ਨੇ ਵੀ ਸਟੇਸ਼ਨ ਦੇ ਮੁੱਖ ਗੇਟ ਸਾਹਮਣੇ ਟੈਂਟ ਲਾ ਕੇ ਧਰਨਾ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਕੁਲੀ ਯੂਨੀਅਨ ਦੇ ਪ੍ਰਧਾਨ ਕਸ਼ਮੀਰੀ ਲਾਲ ਦੀ ਅਗਵਾਈ 'ਚ ਸਰਵਣ ਸਿੰਘ, ਅਜੇ ਕੁਮਾਰ, ਮਜੀਦ ਖਾਨ, ਮਨੋਜ ਕੁਮਾਰ, ਸੁਨੀਲ ਕੁਮਾਰ, ਭੁਵਨੇਸ਼, ਭਿੱਕੀ ਪ੍ਰਸਾਦ, ਜਮੁਨਾ ਪ੍ਰਸਾਦ, ਰਾਜੇਸ਼ ਕੁਮਾਰ, ਰਮੇਸ਼ ਕੁਮਾਰ, ਬਲਰਾਮ, ਗੁਰਬਚਨ ਸਿੰਘ, ਰਿੰਕੂ ਸਮੇਤ ਕਈ ਹੋਰ ਕੁਲੀਆਂ ਨੇ ਸਟੇਸ਼ਨ ਮੁਖੀ ਆਰ. ਕੇ. ਬਹਿਲ ਨੂੰ ਇਕ ਮੰਗ ਪੱਤਰ ਸੌਂਪਿਆ।
ਇਸ ਮੌਕੇ ਕੁਲੀ ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੇਲਵੇ ਵਿਭਾਗ ਨੇ ਗਰੁੱਪ ਡੀ 'ਚ ਭਰਤੀ ਲਈ ਕਰੀਬ 90 ਹਜ਼ਾਰ ਅਸਾਮੀਆਂ ਕੱਢੀਆਂ ਹਨ ਜਦਕਿ ਉਹ ਗਰੁੱਪ ਡੀ 'ਚ ਸ਼ਾਮਲ ਕਰਨ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਪਰ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਆਲ ਇੰਡੀਆ ਦੇ ਕੁਲੀਆਂ ਨੇ ਆਪਣੇ-ਆਪਣੇ ਸ਼ਹਿਰਾਂ ਦੇ ਸੰਸਦ ਮੈਂਬਰਾਂ ਦੇ ਇਲਾਵਾ ਰੇਲ ਮੰਤਰੀ, ਰੇਲਵੇ ਬੋਰਡ ਦੇ ਚੇਅਰਮੈਨ ਤੇ ਰੇਲਵੇ ਦੇ ਕਈ ਹੋਰ ਉਚ ਅਧਿਕਾਰੀਆਂ ਨੂੰ ਵੀ ਆਪਣੀਆਂ ਮੰਗਾਂ ਦੱਸੀਆਂ ਪਰ ਕੋਈ ਹੱਲ ਨਹੀਂ ਨਿਕਲਿਆ ਪਰ ਹੁਣ ਮਜਬੂਰਨ ਉਨ੍ਹਾਂ ਨੂੰ ਸੰਘਰਸ਼ ਸ਼ੁਰੂ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਹੁਣ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ।
ਕੁਲੀਆਂ ਦੀਆਂ ਮੁੱਖ ਮੰਗਾਂ
r ਸਾਰੇ ਰੇਲਵੇ ਕੁਲੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
r ਮੈਡੀਕਲੀ ਅਨਫਿੱਟ ਕੁਲੀਆਂ ਨੂੰ ਚਪੜਾਸੀ, ਮਾਲੀ ਆਦਿ ਦੀ ਨੌਕਰੀ ਦਿੱਤੀ ਜਾਵੇ।
r ਬਜ਼ੁਰਗ ਕੁਲੀਆਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।