ਸ਼ਹਿਰ ''ਚ ਕਰੋੜਾਂ ਦੀ ਜਾਇਦਾਦ ''ਤੇ ਖਾਮੋਸ਼ ਹੈ ਨਿਗਮ

Thursday, Apr 05, 2018 - 03:53 AM (IST)

ਸ਼ਹਿਰ ''ਚ ਕਰੋੜਾਂ ਦੀ ਜਾਇਦਾਦ ''ਤੇ ਖਾਮੋਸ਼ ਹੈ ਨਿਗਮ

ਅੰਮ੍ਰਿਤਸਰ,  (ਵੜੈਚ, ਜ. ਬ., ਨਵਦੀਪ)-  ਸ਼ਹਿਰ 'ਚ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਮਲੇ 'ਚ ਨਿਗਮ ਖਾਮੋਸ਼ ਹੈ। ਮਹਾਨਗਰ ਵਿਚ ਨਿਗਮ ਦੀਆਂ ਅਜਿਹੀਆਂ ਵੀ ਜ਼ਮੀਨਾਂ ਹਨ ਜੋ ਲੀਜ਼ 'ਤੇ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਕਿਰਾਇਆ ਅਤੇ ਬਾਕੀ ਵੇਰਵਾ ਵੀ ਨਿਗਮ ਦੇਣ ਤੋਂ ਕਤਰਾ ਰਿਹਾ ਹੈ। ਸ਼ਹਿਰ ਦੇ ਇਕ ਪ੍ਰਸਿੱਧ ਸਕੂਲ ਦੀਆਂ 2 ਬ੍ਰਾਂਚਾਂ ਨਿਗਮ ਦੀ ਜ਼ਮੀਨ 'ਤੇ ਚੱਲ ਰਹੀਆਂ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਜ਼ਮੀਨਾਂ ਕਰੋੜਾਂ ਦੀਆਂ ਹਨ ਪਰ ਕਿਰਾਇਆ ਪ੍ਰਤੀ ਸਾਲ ਸਿਰਫ 20600 ਰੁਪਏ ਹੈ। ਇਕ ਸਕੂਲ ਦਾ ਕਿਰਾਇਆ ਪ੍ਰਤੀ ਸਾਲ 20000 ਤਾਂ ਦੂਜੇ ਸਕੂਲ ਦਾ ਕਿਰਾਇਆ ਪ੍ਰਤੀ ਸਾਲ ਸਿਰਫ 600 ਰੁਪਏ ਹੈ, ਯਾਨੀ ਸਕੂਲ ਦਾ ਮਹੀਨੇ ਦਾ ਕਿਰਾਇਆ ਸਿਰਫ 50 ਰੁਪਏ।
ਜਾਣਕਾਰੀ ਅਨੁਸਾਰ ਸਕੂਲ ਦੀ ਜਗ੍ਹਾ 1980 ਵਿਚ 50 ਸਾਲਾਂ ਲਈ ਲੀਜ਼ 'ਤੇ ਦਿੱਤੀ ਗਈ ਸੀ। ਸਕੂਲ ਪ੍ਰਬੰਧਕਾਂ ਦੀ ਉੱਚੀ ਪਹੁੰਚ ਕਾਰਨ ਨਿਗਮ ਹੁਣ ਤੱਕ ਖਾਮੋਸ਼ ਹੈ, ਉਥੇ ਹੀ ਆਰ. ਟੀ. ਆਈ. ਰਾਹੀਂ ਜਾਣਕਾਰੀ ਦੇਣ ਤੋਂ ਵੀ ਕਤਰਾ ਰਿਹਾ ਹੈ। ਮਹਾਨਗਰ ਦੇ ਐਕਟੀਵਿਸਟ ਅਤੇ ਗਲੋਬਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਸੂਬਾ ਪ੍ਰਧਾਨ ਵਿਸ਼ਾਲ ਜੋਸ਼ੀ ਨੇ ਜਗ ਬਾਣੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2017 ਵਿਚ ਨਿਗਮ ਤੋਂ ਜਾਣਕਾਰੀ ਮੰਗੀ ਸੀ ਕਿ ਨਿਗਮ ਤਹਿਤ ਜੋ ਜਾਇਦਾਦ ਲੀਜ਼ 'ਤੇ ਦਿੱਤੀ ਗਈ ਹੈ ਜਾਂ ਕਿਰਾਏ 'ਤੇ ਹੈ, ਦੀ ਜਾਣਕਾਰੀ ਦਿੱਤੀ ਜਾਵੇ। ਕਿੰਨੇ ਸਕੂਲ ਨਿਗਮ ਦੀ ਜ਼ਮੀਨ 'ਤੇ ਲੀਜ਼ 'ਤੇ ਚੱਲ ਰਹੇ ਹਨ, ਬਾਰੇ ਜਾਣਕਾਰੀ ਪੀ. ਆਈ. ਓ. ਜਗਦੀਸ਼ ਰਾਜ (ਐੱਸ. ਈ. ਸਿਵਲ), ਆਈ. ਪੀ. ਐੱਸ. ਰੰਧਾਵਾ (ਐੱਮ. ਟੀ. ਪੀ.) ਤੇ ਜਸਵਿੰਦਰ ਸਿੰਘ (ਸਟੇਟ ਅਫਸਰ) ਤੋਂ ਮੰਗੀ ਗਈ ਸੀ। ਤਿੰਨਾਂ ਅਧਿਕਾਰੀਆਂ ਨੇ ਆਰ. ਟੀ. ਆਈ. ਦਾ ਜਵਾਬ ਨਹੀਂ ਦਿੱਤਾ ਤਾਂ ਮੈਂ ਸੋਨਾਲੀ ਗਿਰੀ (ਨਿਗਮ ਕਮਿਸ਼ਨਰ) ਕੋਲ ਪਹਿਲੀ ਅਪੀਲ ਕੀਤੀ। ਸੋਨਾਲੀ ਗਿਰੀ ਨੇ ਤਿੰਨਾਂ ਅਧਿਕਾਰੀਆਂ ਨੂੰ 2 ਵਾਰ ਤਲਬ ਕੀਤਾ ਪਰ ਤਿੰਨੇ ਨਹੀਂ ਆਏ ਤਾਂ ਉਨ੍ਹਾਂ ਨੇ 4 ਅਪ੍ਰੈਲ 2018 ਲਈ ਤਿੰਨਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਪਰ ਅੱਜ ਬੁੱਧਵਾਰ ਨੂੰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੂੰ ਕੋਈ ਕੰਮ ਪੈਣ ਜਾਣ ਕਾਰਨ ਫਿਲਹਾਲ ਅਧਿਕਾਰੀਆਂ ਨੂੰ ਤਲਬ ਕਰਨ ਦੀ ਕਾਰਵਾਈ ਕੁਝ ਦਿਨਾਂ ਲਈ ਅੱਗੇ ਕਰ ਦਿੱਤੀ ਗਈ ਹੈ।


Related News