ਕਾਂਗਰਸੀ ਆਗੂਆਂ ਨੇ ਲੈਬਾਰਟਰੀ ''ਤੇ ਕੀਤਾ ਕਬਜ਼ਾ, ਮਾਮਲਾ ਦਰਜ
Tuesday, Jan 16, 2018 - 07:35 AM (IST)

ਤਰਨਤਾਰਨ, (ਰਾਜੂ)- ਸਥਾਨਕ ਜੰਡਿਆਲਾ ਰੋਡ 'ਤੇ ਸਥਿਤ ਲੈਬਾਰਟਰੀ 'ਤੇ ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮੇਹਰ ਸਿੰਘ ਚੁਤਾਲਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਨੇ ਕਬਜ਼ਾ ਕਰ ਲਿਆ, ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੇਹਰ ਸਿੰਘ ਚੁਤਾਲਾ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦ ਕਿ ਮੇਹਰ ਸਿੰਘ ਚੁਤਾਲਾ ਨੇ ਇਸ ਸਬੰਧੀ ਕਿਹਾ ਕਿ ਉਸ ਨੇ ਇਹ ਦੁਕਾਨ ਮੁੱਲ ਲਈ ਹੋਈ ਹੈ, ਜਿਸ ਦੀ ਉਸ ਕੋਲ ਰਜਿਸਟਰੀ ਹੈ ਅਤੇ ਇੰਤਕਾਲ ਉਸ ਦੇ ਨਾਂ 'ਤੇ ਹੈ ਅਤੇ ਉਸ ਨੇ ਇਹ ਦੁਕਾਨ 2011 'ਚ ਮਨਜੀਤ ਸਿੰਘ ਪੁੱਤਰ ਸੰਤਾ ਸਿੰਘ ਕੋਲੋਂ ਮੁੱਲ ਲਈ ਹੈ।
ਮੁੱਦਈ ਡਾ. ਸੁਰਿੰਦਰਪਾਲ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਨੇ ਸੰਤਾ ਸਿੰਘ ਤੇ ਬੰਤਾ ਸਿੰਘ ਕੋਲੋਂ ਦੁਕਾਨ ਕਿਰਾਏ 'ਤੇ ਲਈ ਹੋਈ ਹੈ, ਜਿਸ 'ਚ ਉਸ ਨੇ ਲੈਬਾਰਟਰੀ ਪਾਈ ਹੋਈ ਸੀ। ਉਸ ਨੇ ਦੱਸਿਆ ਕਿ ਦੋਸ਼ੀ ਸੁਖਵਿੰਦਰ ਸਿੰਘ ਅਤੇ ਮੇਹਰ ਸਿੰਘ ਵਾਸੀ ਚੁਤਾਲਾ ਲੈਬਾਰਟਰੀ ਦਾ ਤਾਲਾ ਤੋੜ ਕੇ ਉਸ 'ਚ ਪਿਆ ਸਾਮਾਨ ਕੱਢ ਕੇ ਲੈ ਗਏ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ ਦੁਕਾਨ 'ਤੇ ਆਪਣੇ ਤਾਲੇ ਲਾ ਲਏ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਅਮਰੀਕ ਸਿੰਘ ਨੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।