ਕਈ ਸਵਾਲਾਂ ਨੂੰ ਜਨਮ ਦੇ ਗਿਆ ਮਹਿਲਾ ਡਾਕਟਰ ਨਾਲ ਹੋਏ ਜਬਰਜ਼ਿਨਾਹ ਦਾ ਮਾਮਲਾ, ਕਿੱਥੇ ਹੈ ਔਰਤਾਂ ਦੀ ਸੁਰੱਖਿਆ ?
Tuesday, Aug 20, 2024 - 06:30 PM (IST)
ਗੁਰਦਾਸਪੁਰ (ਹਰਮਨ)- ਕਲਕੱਤਾ ਅੰਦਰ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਮਹਿਲਾ ਡਾਕਟਰ ਨਾਲ ਹੋਏ ਸਮੂਹਿਕ ਜਬਰਜ਼ਿਨਾਹ ਤੇ ਕਤਲ ਦੀ ਵਾਰਦਾਤ ਨੇ ਆਜ਼ਾਦੀ ਦੀ 78ਵੀਂ ਵਰੇਗੰਢ ਮਨਾ ਰਹੇ ਦੇਸ਼ ਅੰਦਰ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜੇ ਕਰ ਦਿੱਤੇ ਹਨ। ਦਿਲ ਦਹਿਲਾਉਣ ਵਾਲੀ ਇਸ ਗੈਰਕਾਨੂੰਨੀ ਤੇ ਗੈਰ ਸਮਾਜਿਕ ਘਟਨਾ ਲਈ ਸਿਰਫ ਔਰਤਾਂ ਦੇ ਕੰਮ ਕਾਜ ਵਾਲੀਆਂ ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਕਿਉਂਕਿ ਜਿਸ ਢੰਗ ਨਾਲ ਪੂਰੇ ਦੇਸ਼ ਅੰਦਰ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ, ਉਸ ਨਾਲ ਇਹ ਵੱਡਾ ਸਵਾਲ ਪੈਦਾ ਹੋ ਰਿਹਾ ਹੈ ਕਿ ਮੌਕਾ ਮਿਲਦੇ ਹੀ ਕਿਸੇ ਮਜ਼ਬੂਰ ਜਾਂ ਨਿਹੱਥੀ ਮਹਿਲਾ ਨੂੰ ਨੋਚਣ ਵਾਲੇ ਦਰਿੰਦਿਆਂ ਨੂੰ ਰੋਕਣ ਲਈ ਕਿਹੜੇ ਕਦਮ ਚੁੱਕਣ ਦੀ ਲੋੜ ਹੈ।
ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ ਮੱਥਾ ਟੇਕਣ ਜਾ ਰਹੇ ਨੌਜਾਵਾਨ ਦੀ ਹਾਦਸੇ 'ਚ ਮੌਤ, ਕੁਝ ਦਿਨ ਬਾਅਦ ਜਾਣਾ ਸੀ ਨਿਊਜ਼ੀਲੈਂਡ
ਕਈ ਸਵਾਲਾਂ ਨੂੰ ਜਨਮ ਦੇ ਗਿਆ ਮਹਿਲਾ ਡਾਕਟਰ ਨਾਲ ਹੋਏ ਜਬਰਜ਼ਿਨਾਹ ਦਾ ਮਾਮਲਾ
ਤਾਜਾ ਘਟਨਾ ਇਕ ਹਸਪਤਾਲ ਅੰਦਰ ਵਾਪਰੀ ਹੈ, ਇਸ ਲਈ ਇਸ ਘਟਨਾ ਦੇ ਬਾਅਦ ਹੁਣ ਪੂਰੇ ਦੇਸ਼ ਅੰਦਰ ਹਸਪਤਾਲਾਂ ਵਿਚ ਮਹਿਲਾ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਮੀਡੀਆ ਅਤੇ ਆਮ ਲੋਕ ਚਰਚਾ ਕਰ ਰਹੇ ਹਨ। ਪਰ ਇਹ ਚਰਚਾ ਅਜੇ ਵੀ ਅਧੂਰੀ ਅਤੇ ਅਸਲ ਤੱਥਾਂ ਤੋਂ ਦੂਰ ਹੈ। ਇਸ ਸੰਦਰਭ ਵਿਚ ਕਈ ਹਸਪਤਾਲਾਂ ਤੇ ਸਿਹਤ ਸੰਸਥਾਵਾਂ ਨੇ ਤੁਰੰਤ ਹਸਪਤਾਲਾਂ ਵਿਚ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾਉਣ ਅਤੇ ਸੁਰੱਖਿਆ ਗਾਰਡਾਂ ਦੀ ਗਿਣਤੀ ਵਧਾਉਣ ਦੇ ਐਲਾਨ ਕਰ ਦਿੱਤੇ ਹਨ। ਪਰ ਇਥੇ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੀ ਸੀਸੀਟੀਵੀ ਕੈਮਰੇ ਜਾਂ ਹਸਪਤਾਲਾਂ ਵਿਚ ਮੌਜੂਦ ਸੁਰੱਖਿਆ ਗਾਰਡ ਲਗਾਉਣ ਨਾਲ ਦੇਸ਼ 'ਚ ਪਲ ਰਹੇ ਹੈਵਾਨਾਂ ਦੀ ਹੈਵਾਨੀਅਤ ਨੂੰ ਕਾਬੂ ਕੀਤਾ ਜਾ ਸਕੇਗਾ? ਇਸ ਤੋਂ ਪਹਿਲਾਂ ਬੱਸਾਂ, ਸਕੂਲਾਂ, ਦਫਤਰਾਂ, ਸੜਕਾਂ ਤੇ ਸੁੰਨਸਾਨ ਥਾਵਾਂ ਸਮੇਤ ਵੱਖ-ਵੱਖ ਸਥਾਨਾਂ 'ਤੇ ਅਨੇਕਾਂ ਮਹਿਲਾਵਾਂ ਜਬਰਜ਼ਿਨਾਹ ਦਾ ਸ਼ਿਕਾਰ ਹੋ ਚੁੱਕੀਆਂ ਹਨ। ਅਜਿਹੀ ਸਥਿਤੀ ਵਿਚ ਬੁੱਧੀਜੀਵੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜੇਕਰ ਬੇਸ਼ੱਕ ਸਕੂਲਾਂ, ਕਾਲਜਾਂ, ਹਸਪਤਾਲਾਂ ਜਾਂ ਹੋਰ ਇਮਾਰਤਾਂ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਕਰ ਦਿੱਤਾ ਜਾਵੇ, ਪਰ ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ ਹੈ ਕਿ ਪਿੰਡਾਂ ਸ਼ਹਿਰਾਂ ਦੇ ਅੰਦਰ ਬਾਹਰ ਔਰਤਾਂ ਦੇ ਆਉਣ ਜਾਣ ਵਾਲੀ ਹਰੇਕ ਜਗਾ 'ਤੇ ਸੀਸੀਟੀਵੀ ਕੈਮਰੇ ਲਗਾ ਕੇ ਮਹਿਲਾਵਾਂ ਨੂੰ ਅਜਿਹੀ ਦਰਿੰਦਗੀ ਦੇ ਸ਼ਿਕਾਰ ਹੋਣ ਤੋਂ ਬਚਾਇਆ ਦਾ ਸਕਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ
ਕਿਸੇ ਵੀ ਉਮਰ 'ਚ ਕਿਸੇ ਵੀ ਜਗ੍ਹਾ 'ਤੇ ਸੁਰੱਖਿਅਤ ਨਹੀਂ ਮਹਿਲਾਵਾਂ
ਜਬਰਜ਼ਿਨਾਹ ਦੀਆਂ ਚਰਚਿਤ ਘਟਨਾਵਾਂ ਦੇ ਬਾਅਦ ਸਮਾਜ 'ਚ ਕੁਝ ਲੋਕ ਲੜਕੀਆਂ ਦੇ ਪਹਿਰਾਵੇ ਅਤੇ ਰਾਤ ਸਮੇਂ ਬਾਹਰ ਘੁੰਮਣ ਸਮੇਤ ਹੋਰ ਕਈ ਗੱਲਾਂ ਨੂੰ ਲੈ ਕੇ ਵੀ ਸਵਾਲ ਚੁੱਕਦੇ ਰਹੇ ਹਨ। ਪਰ ਦੂਜੇ ਪਾਸੇ ਦੇਸ਼ ਅੰਦਰ ਮਹਿਲਾ ਸ਼ਸ਼ਕਤੀਕਰਨ ਅਤੇ ਬੇਟੀਆਂ ਨੂੰ ਬਚਾਉਣ ਤੇ ਪੜਾਉਣ ਸਮੇਤ ਕਈ ਮੁਹਿੰਮਾਂ ਵਿਚ ਲੱਗੇ ਲੋਕ ਲੜਕੀਆਂ ਨੂੰ ਬਰਾਬਰ ਦੇ ਅਧਿਕਾਰਾਂ ਦੀ ਪੂਰਜੋਰ ਵਕਾਲਤ ਕਰਦੇ ਹੋਏ ਇਹ ਦਾਅਵਾ ਕਰਦੇ ਹਨ ਕਿ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਘੁੰਮਣ ਫਿਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਅਜਿਹੇ ਲੋਕਾਂ ਦਾ ਤਰਕ ਹੁੰਦਾ ਹੈ ਕਿ ਲੜਕੀਆਂ ਨੂੰ ਵੇਲੇ ਕੁਵੇਲੇ ਬਾਹਰ ਜਾਣ ਤੋੰ ਰੋਕ ਕੇ ਜਾਂ ਸੁਰੱਖਿਆ ਪ੍ਰਬੰਧਾਂ ਵਿਚ ਵਾਧਾ ਕਰਨ ਦਾ ਦਾਅਵਾ ਕਰਕੇ ਵੀ ਅਜਿਹੇ ਜਾਨਵਰ ਕਿਸਮ ਦੇ ਇਨਸਾਨਾਂ ਤੋਂ ਨਹੀਂ ਬਚਾਇਆ ਜਾ ਸਕਦਾ ਕਿਉਂਕਿ ਸਾਡੇ ਦੇਸ਼ ਅੰਦਰ ਅਜਿਹੀਆਂ ਮਿਸਾਲਾਂ ਦੀ ਵੀ ਘਾਟ ਨਹੀਂ ਜਦੋਂ ਘਰਾਂ ਵਿਚ 2 ਸਾਲ ਦੀ ਉਮਰ ਵਿਚ ਮਾਸੂਮ ਬੱਚੀਆਂ ਨੂੰ ਵੀ ਹਵਸ ਦੇ ਅੰਨੇ ਜਾਨਵਰ ਰੂਪੀ ਇਨਸਾਨਾਂ ਨੇ ਸ਼ਿਕਾਰ ਬਣਾਇਆ ਹੈ। ਬਚਪਨ ਅਤੇ ਜਵਾਨੀ ਤੱਕ ਹੀ ਸੀਮਤ ਨਹੀਂ ਸਗੋਂ ਕਈ ਬਜ਼ੁਰਗ ਔਰਤਾਂ ਨੂੰ ਵੀ ਘਰਾਂ ਵਿਚ ਅਜਿਹੇ ਘਟੀਆ ਵਰਤਾਰੇ ਦਾ ਸਾਹਮਣਾ ਕਰਨਾ ਪਿਆ ਹੈ।
ਸੋਚ ਤੇ ਸਿਖਿਆ ਨੂੰ ਬਦਲਣ ਦੀ ਲੋੜ
ਅਜਿਹੀ ਸਥਿਤੀ ਵਿਚ ਇਹ ਮੰਨਿਆ ਜਾ ਰਿਹਾ ਹੈ ਸਮਾਜ ਵਿਚ ਅਜਿਹੇ ਹੈਵਾਨਾਂ ਦੀ ਸੋਚ ਨੂੰ ਬਦਲਣ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ। ਬੱਚਿਆਂ ਨੂੰ ਬਚਪਨ ਤੋਂ ਹੀ ਅਜਿਹੀ ਸਿੱਖਿਆ ਅਤੇ ਸੇਧ ਦੇਣ ਦੀ ਲੋੜ ਹੈ ਕਿ ਉਹ ਲੜਕੀਆਂ ਨੂੰ ਪਿਆਰ ਤੇ ਸਤਿਕਾਰ ਦੀ ਨਜ਼ਰ ਨਾਲ ਦੇਖਣ। ਇਸ ਮੰਤਵ ਲਈ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਅਤੇ ਨਾਲ ਹੀ ਸਰਕਾਰਾਂ ਤੇ ਸਿੱਖਿਆ ਦੇ ਸਰਵਉਚ ਅਦਾਰਿਆਂ ਨੂੰ ਸਿਲੇਬਸ ਵਿਚ ਵੀ ਤਬਦੀਲੀ ਕਰਕੇ ਬੱਚਿਆਂ ਨੂੰ ਜਾਗਰੂਕ ਕਰਨ ਵੱਲ ਮੁੜਨਾ ਪਵੇਗਾ। ਜਿੰਨੀ ਦੇਰ ਮਾਨਸਿਕਤਾ ਬਦਲਣ 'ਤੇ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ, ਓਨੀ ਦੇਰ ਅਜਿਹੇ ਵਰਤਾਰਿਆਂ ਨੂੰ ਰੋਕਣਾ ਅਸੰਭਵ ਲੱਗ ਰਿਹਾ ਹੈ।
ਇਹ ਵੀ ਪੜ੍ਹੋ- ਨੌਜਵਾਨ ਨੇ ਨਸ਼ਾ ਲੈਣਾ ਬੰਦ ਕੀਤਾ ਤਾਂ ਕਰ 'ਤਾ ਕਤਲ, ਜਨਮਦਿਨ ਵਾਲੇ ਦਿਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਸਖ਼ਤ ਤੇ ਮਿਸਾਲੀ ਹੋਣ ਸਜਾਵਾਂ
ਇਸ ਮਾਮਲੇ ਵਿਚ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਉਠ ਰਹੀ ਹੈ ਅਤੇ ਲੋਕ ਇਹ ਮੰਗ ਕਰ ਰਹੇ ਹਨ ਕਿ ਦੇਸ਼ ਅੰਦਰ ਜਬਰਜ਼ਿਨਾਹ ਕਰਨ ਵਾਲੇ ਦੋਸ਼ੀਆਂ ਨੂੰ ਅਜਿਹੀਆਂ ਦਰਦਨਾਕ ਤੇ ਮਿਸਾਲੀ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ ਜਿਨਾਂ ਨੂੰ ਦੇਖ ਕੇ ਕੋਈ ਹੋਰ ਅਜਿਹਾ ਗੁਨਾਹ ਕਰਨ ਦੀ ਹਿੰਮਤ ਨਾ ਕਰੇ। ਲੋਕ ਇਹ ਵੀ ਮੰਗ ਕਰ ਰਹੇ ਹਨ ਕਿ ਇਸ ਗੁਨਾਹ ਦੇ ਦੋਸ਼ੀਆਂ 'ਤੇ ਮਨੁੱਖੀ ਅਧਿਕਾਰਾਂ ਜਾਂ ਹੋਰ ਕਿਸੇ ਵੀ ਤਰਕ ਦੇ ਅਧਾਰ 'ਤੇ ਰਹਿਮ ਦੀ ਗੁੰਜਾਇਸ਼ ਖਤਮ ਹੋਣੀ ਚਾਹੀਦੀ ਹੈ। ਪਰ ਨਾਲ ਹੀ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਜਿਹੇ ਕਾਨੂੰਨਾਂ ਦੀ ਦੁਰਵਰਤੋਂ ਨਾ ਹੋਵੇ ਕਿਉਂਕਿ ਅਜਿਹੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਮਹਿਲਾਵਾਂ ਨੂੰ ਆਪਣੀ ਸਹਿਮਤੀ ਨਾਲ ਸਰੀਰਿਕ ਸਬੰਧ ਬਣਾ ਕੇ ਬਾਅਦ ਵਿਚ ਵੱਖ-ਵੱਖ ਕਾਰਨਾਂ ਸਦਕਾ ਕਿਸੇ ਵਿਅਕਤੀ 'ਤੇ ਜਬਰਜ਼ਿਨਾਹ ਦੇ ਝੂਠੇ ਦੋਸ਼ ਲਗਾ ਕੇ ਉਸ ਨੂੰ ਸਜ਼ਾ ਦਵਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਮਾਮਲੇ ਵਿਚ ਸਮਾਜ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਗੁਨਾਹ ਕਰਨ ਵਾਲੇ ਦੋਸ਼ੀਆਂ ਦਾ ਮੁਕੰਮਲ ਸਮਾਜਿਕ ਬਾਈਕਾਟ ਕੀਤਾ ਜਾਵੇ।
ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ CM ਮਾਨ ਦਾ ਪੰਜਾਬ ਵਾਸੀਆਂ ਲਈ ਖ਼ਾਸ ਤੋਹਫ਼ਾ, ਪੜ੍ਹੋ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8