ਰੱਖਿਆ ਮੰਤਰੀ ਦੇ ''ਸਿੰਧ'' ਵਾਲੇ ਬਿਆਨ ਮਗਰੋਂ ਪਾਕਿਸਤਾਨ ਨੂੰ ਲੱਗੀਆਂ ਮਿਰਚਾਂ ! ਮੁੜ ਗਾਇਆ ਕਸ਼ਮੀਰ ਦਾ ਰਾਗ
Thursday, Nov 27, 2025 - 10:47 AM (IST)
ਗੁਰਦਾਸਪੁਰ, ਇਸਲਾਮਾਬਾਦ (ਵਿਨੋਦ) : ਬੀਤੇ ਦਿਨੀਂ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸਿੰਧ ਬਾਰੇ ਦਿੱਤੇ ਗਏ ਬਿਆਨ ਮਗਰੋਂ ਪਾਕਿਸਤਾਨ 'ਚ ਤੜਥੱਲੀ ਮਚੀ ਹੋਈ ਹੈ। ਭਾਰਤੀ ਰੱਖਿਆ ਮੰਤਰੀ ਦੇ ਇਸ ਬਿਆਨ ਮਗਰੋਂ ਪਾਕਿਸਤਾਨ ਨੇ ਇੱਕ ਵਾਰ ਫਿਰ ਤੋਂ ਕਸ਼ਮੀਰ ਦਾ ਮੁੱਦਾ ਉਠਾਇਆ ਹੈ।
ਸੰਯੁਕਤ ਰਾਸ਼ਟਰ ਦੀ ਇੱਕ ਕਥਿਤ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਨੇ ਦੋਸ਼ ਲਗਾਇਆ ਕਿ ਜੰਮੂ-ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਅਪ੍ਰੈਲ ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਅਜਿਹੇ ਮਨਘੜਤ ਦਾਅਵੇ ਕੀਤੇ ਹਨ। ਪਾਕਿਸਤਾਨ ਪਹਿਲਾਂ ਵੀ ਕਸ਼ਮੀਰ ਬਾਰੇ ਝੂਠੇ ਦਾਅਵੇ ਕਰ ਚੁੱਕਾ ਹੈ। ਜਿਸ ਤਰ੍ਹਾਂ ਪਾਕਿਸਤਾਨ ਕਸ਼ਮੀਰ ਦਾ ਨਾਅਰਾ ਮਾਰ ਰਿਹਾ ਹੈ, ਉਹ ਪਾਕਿਸਤਾਨ ਦੀ ਨਿਰਾਸ਼ਾਜਨਕ ਸਥਿਤੀ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ।
ਬੁੱਧਵਾਰ ਨੂੰ ਪਾਕਿਸਤਾਨੀ ਵਿਦੇਸ਼ ਦਫ਼ਤਰ ਵੱਲੋਂ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਭਾਰਤ ਦੇ ਸੁਰੱਖਿਆ ਉਪਾਵਾਂ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਕਿਰਿਆ ਮਾਹਿਰਾਂ ਦੀਆਂ ਨਵੀਆਂ ਖੋਜਾਂ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਰਿਪੋਰਟ ਇੱਕ ਵਾਰ ਫਿਰ ਕਸ਼ਮੀਰੀ ਲੋਕਾਂ ਦੁਆਰਾ ਕੀਤੇ ਜਾ ਰਹੇ ਗੰਭੀਰ ਅਤੇ ਯੋਜਨਾਬੱਧ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਉਜਾਗਰ ਕਰਦੀ ਹੈ।
ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਜੰਮੂ-ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦਾ ਵੀ ਹਵਾਲਾ ਦਿੱਤਾ। ਉਸ ਨੇ ਕਿਹਾ ਕਿ ਪਾਕਿਸਤਾਨ ਸਬੰਧਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਅਤੇ ਕਸ਼ਮੀਰੀ ਲੋਕਾਂ ਦੀਆਂ ਉਮੀਦਾਂ ਦੇ ਅਨੁਸਾਰ ਜੰਮੂ-ਕਸ਼ਮੀਰ ਵਿਵਾਦ ਦੇ ਸ਼ਾਂਤੀਪੂਰਨ, ਨਿਆਂਪੂਰਨ ਅਤੇ ਸਥਾਈ ਹੱਲ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਦੇ ਨਿਆਂਪੂਰਨ ਸੰਘਰਸ਼ ਵਿੱਚ ਨੈਤਿਕ, ਰਾਜਨੀਤਿਕ ਅਤੇ ਕੂਟਨੀਤਕ ਸਮਰਥਨ ਪ੍ਰਦਾਨ ਕਰਨਾ ਜਾਰੀ ਰੱਖੇਗਾ। ਪਾਕਿਸਤਾਨ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਨਾਲ ਗੱਲਬਾਤ ਦੀ ਅਪੀਲ ਵੀ ਕੀਤੀ।
