ਜੰਗਲ ''ਚੋਂ ਸਰਕਾਰੀ ਦਰੱਖਤ ਕੱਟਣ ਵਾਲਿਆਂ ਖਿਲਾਫ ਮਾਮਲਾ ਦਰਜ
Friday, Nov 10, 2017 - 02:31 AM (IST)
ਰਾਹੋਂ, (ਪ੍ਰਭਾਕਰ)- ਪੁਲਸ ਨੇ ਪਿੰਡ ਮਲਕਪੁਰ ਦੇ ਜੰਗਲ 'ਚੋਂ ਸਰਕਾਰੀ ਦਰੱਖਤ ਕੱਟਣ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਲਕਪੁਰ ਦੇ ਜੰਗਲ 'ਚ ਕੁਝ ਵਿਅਕਤੀ ਸਰਕਾਰੀ ਦਰੱਖਤ ਕੱਟ ਕੇ ਲੱਕੜ ਚੋਰੀ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਨਰਿੰਦਰ ਸਿੰਘ ਫਾਰੈਸਟਰ, ਰਵੀ ਦੱਤ ਫਾਰੈਸਟਰ, ਰਾਹੁਲ ਕੁਮਾਰ ਵਣ ਗਾਰਡ ਇੰਚਾਰਜ ਤੇ ਜਸਕਰਨ ਸਿੰਘ ਵਣ ਗਾਰਡ ਬੇਲਦਾਰਾਂ ਨਾਲ ਪਿੰਡ ਮਲਕਪੁਰ ਦੇ ਜੰਗਲ 'ਚ ਰਾਤ 11 ਵਜੇ ਪਹੁੰਚੀ। ਰਾਤ ਨੂੰ ਜੰਗਲ 'ਚ 7-8 ਵਿਅਕਤੀ ਪੈਟਰੋਲ ਚੇਨ ਆਰੇ ਦੀ ਮਦਦ ਨਾਲ ਦਰੱਖਤ ਕੱਟ ਰਹੇ ਸਨ, ਜਿਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦੇ ਰਹੀ ਸੀ।
ਟੀਮ ਨੂੰ ਆਉਂਦਾ ਦੇਖ ਉਕਤ ਵਿਅਕਤੀ ਧੁੰਦ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਜਦੋਂ ਜੰਗਲ 'ਚ ਛਾਣਬੀਣ ਕੀਤੀ ਤਾਂ ਉਥੋਂ ਇਕ ਮੋਟਰਸਾਈਕਲ ਸਪਲੈਂਡਰ ਤੇ ਇਕ ਪੈਟਰੋਲ ਚੇਨ ਆਰਾ ਬਰਾਮਦ ਹੋਇਆ, ਜਦਕਿ ਕੱਟੇ ਹੋਏ 10 ਦਰੱਖਤਾਂ ਦੇ 30 ਟੁਕੜੇ ਵੀ ਬਰਾਮਦ ਕੀਤੇ ਗਏ। ਪੁਲਸ ਨੇ 7-8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
