ਕਾਰ ਸਵਾਰਾਂ ਘੇਰ ਕੇ ਕੀਤੀ ਕੁੱਟਮਾਰ
Saturday, Oct 21, 2017 - 01:20 AM (IST)
ਰੂਪਨਗਰ, (ਵਿਜੇ)- ਪੈਟਰੋਲ ਪੰਪ 'ਤੇ ਕੰਮ ਕਰਦੇ ਇਕ ਕਰਮਚਾਰੀ ਨੂੰ ਰਸਤੇ 'ਚ ਘੇਰ ਕੇ ਉਸ ਨੂੰ ਕੁੱਟਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ 'ਚ ਇਲਾਜ ਅਧੀਨ ਪੁਲਵਿੰਦਰ ਪੁੱਤਰ ਜਰਨੈਲ ਸਿੰਘ ਵਾਸੀ ਧਨੌਰੀ ਨੇ ਦੱਸਿਆ ਕਿ ਉਹ ਭਾਰਤ ਪੈਟਰੋਲੀਅਮ ਦੇ ਚੱਕਲਾਂ 'ਚ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ। ਉਹ ਦੁਪਹਿਰ ਡਿਊਟੀ ਕਰਨ ਤੋਂ ਬਾਅਦ ਮੋਟਰਸਾਈਕਲ 'ਤੇ ਘਰ ਆ ਰਿਹਾ ਸੀ ਕਿ ਉਸ ਨੂੰ ਗੋਸਲਾਂ ਪਿੰਡ ਨੇੜੇ ਕਾਰ ਸਵਾਰਾਂ ਨੇ ਘੇਰ ਕੇ ਕੁੱਟਿਆ ਤੇ ਫਰਾਰ ਹੋ ਗਏ। ਰਾਹਗੀਰਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਲਿਆਂਦਾ।
ਕੁੱਟਮਾਰ 'ਚ 3 ਜ਼ਖਮੀ
ਆਪਸੀ ਤਕਰਾਰ ਕਰਕੇ ਹੋਏ ਝਗੜੇ 'ਚ ਦੋ ਧਿਰਾਂ ਦੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਸਿਵਲ ਹਸਪਤਾਲ 'ਚ ਇਲਾਜ ਅਧੀਨ 60 ਸਾਲਾ ਬਲਵੀਰ ਸਿੰਘ ਪੁੱਤਰ ਸੂਰਤ ਰਾਮ ਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਉਨ੍ਹਾਂ ਦੇ ਘਰ ਨੇੜੇ ਖੇਤਾਂ 'ਚ ਜਿਥੇ ਪਰਾਲੀ ਰੱਖੀ ਹੋਈ ਸੀ, ਪਟਾਕੇ ਚਲਾ ਰਹੇ ਸੀ, ਜਿਸ ਦਾ ਵਿਰੋਧ ਕਰਨ 'ਤੇ ਦੂਜੀ ਧਿਰ ਦੇ ਵਿਅਕਤੀ ਨੇ ਘਰ ਪਹੁੰਚ ਕੇ ਉਨ੍ਹਾਂ ਨੂੰ ਕੁੱਟਿਆ। ਦੂਜੀ ਧਿਰ ਦੇ ਜ਼ਖਮੀ ਗੁਰਦੇਵ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਉਸ ਨਾਲ ਪਹਿਲਾਂ ਗਾਲੀ-ਗਲੋਚ ਕੀਤੀ ਗਈ ਤੇ ਵਿਰੋਧ ਕਰਨ 'ਤੇ ਉਸ ਨੂੰ ਕੁੱਟਿਆ।
